ਨਵੀਂ ਦਿੱਲੀ – ਭਾਰਤ ਨੇ ਕਿਹਾ ਹੈ ਕਿ ਉਹ ਰੂਸੀ ਫ਼ੌਜ ਵਿੱਚ ਗ਼ਲਤ ਤਰੀਕੇ ਨਾਲ ਭਰਤੀ ਕੀਤੇ ਗਏ ਆਪਣੇ ਨਾਗਰਿਕਾਂ ਨੂੰ ਲੈ ਕੇ ਪੁਤਿਨ ਸਰਕਾਰ ਦੇ ਲਗਾਤਾਰ ਸੰਪਰਕ ਵਿੱਚ ਹੈ ਅਤੇ ਉਨ੍ਹਾਂ ਦੀ ਵਾਪਸੀ ਲਈ ਦਬਾਅ ਬਣਾ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਸਕੱਤਰ ਨੇ ਦੱਸਿਆ ਕਿ ਰੂਸੀ ਫ਼ੌਜ ਤੋਂ ਲਗਪਗ 85 ਲੋਕਾਂ ਨੂੰ ਸਫਲਤਾਪੂਰਵਕ ਛੁਡਵਾਇਆ ਗਿਆ ਹੈ ਅਤੇ 20 ਲੋਕਾਂ ਦੀ ਵਾਪਸੀ ਲਈ ਗੱਲਬਾਤ ਜਾਰੀ ਹੈ।ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, ‘ਸਾਡੇ ਦੂਤਘਰ ਦੇ ਅਧਿਕਾਰੀ ਰੂਸੀ ਵਿਦੇਸ਼ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਦੇ ਵਾਰਤਾਕਾਰਾਂ ਦੇ ਨਾਲ ਉਨ੍ਹਾਂ ਭਾਰਤੀਆਂ ਦੇ ਸੰਪਰਕ ‘ਚ ਹਨ, ਜਿਨ੍ਹਾਂ ਨੂੰ ਰੂਸੀ ਫ਼ੌਜ ‘ਚ ਗੈਰ-ਕਾਨੂੰਨੀ ਜਾਂ ਕਿਸੇ ਹੋਰ ਤਰੀਕੇ ਨਾਲ ਲੜਨ ਲਈ ਤਿਆਰ ਕੀਤਾ ਗਿਆ ਸੀ। ਇਹ ਮਾਮਲਾ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਪੁਤਿਨ ਕੋਲ ਉੱਚ ਪੱਧਰ ‘ਤੇ ਉਠਾਇਆ ਸੀ।
ਵਿਦੇਸ਼ ਸਕੱਤਰ ਨੇ ਕਿਹਾ, ‘ਲਗਪਗ 85 ਲੋਕ ਰੂਸ ਤੋਂ ਪਰਤੇ ਹਨ ਅਤੇ ਬਦਕਿਸਮਤੀ ਨਾਲ ਅਸੀਂ ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਹਨ, ਜਿਨ੍ਹਾਂ ਨੇ ਸੰਘਰਸ਼ ਦੌਰਾਨ ਆਪਣੀ ਜਾਨ ਗਵਾਈ ਸੀ। ਲਗਪਗ 20 ਲੋਕ ਬਚੇ ਹਨ ਅਤੇ ਅਸੀਂ ਹਥਿਆਰਬੰਦ ਬਲਾਂ ਵਿਚ ਬਾਕੀ ਬਚੇ ਸਾਰੇ ਲੋਕਾਂ ਦੀ ਰਿਹਾਈ ਲਈ ਆਪਣੇ ਗੱਲਬਾਤ ਕਰਨ ਵਾਲਿਆਂ ‘ਤੇ ਦਬਾਅ ਬਣਾ ਰਹੇ ਹਾਂ।
ਇਸ ਤੋਂ ਪਹਿਲਾਂ ਸਤੰਬਰ ਦੇ ਮਹੀਨੇ ਵਿੱਚ ਵੀ ਸਰਕਾਰ ਦੇ ਯਤਨਾਂ ਨੂੰ ਵੱਡੀ ਸਫਲਤਾ ਮਿਲੀ ਸੀ, ਜਦੋਂ ਰੂਸ ਨੇ ਆਪਣੀ ਫ਼ੌਜ ਤੋਂ 45 ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਸੀ। ਉਦੋਂ ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਸੀ ਕਿ ਜੁਲਾਈ ‘ਚ ਆਪਣੇ ਰੂਸ ਦੌਰੇ ਦੌਰਾਨ ਪੀਐੱਮ ਮੋਦੀ ਨੇ ਰੂਸੀ ਫ਼ੌਜ ‘ਚ ਸੇਵਾ ਕਰ ਰਹੇ ਭਾਰਤੀਆਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਸੀ।