ਭਾਜਪਾ ਨੇ ਪੰਜਾਬ ਦੀਆਂ ਚਾਰ ‘ਚੋਂ 3 ਸੀਟਾਂ ‘ਤੇ ਉਮੀਦਵਾਰ ਐਲਾਨੈ

ਭਾਜਪਾ ਨੇ ਪੰਜਾਬ ਦੀਆਂ ਚਾਰ ‘ਚੋਂ ਤਿੰਨ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਹਾਈ ਕਮਾਂਡ ਨੇ ਗਿੱਦੜਬਾਹਾ ਤੋਂ ਮਨਪ੍ਰੀਤ ਬਾਦਲ, ਡੇਰਾ ਬਾਬਾ ਨਾਨਕ ਤੋਂ ਰਵਿਕਰਨ ਸਿੰਘ ਕਾਹਲੋਂ ਤੇ ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਹੈ। ਚੱਬੇਵਾਲ ਸੀਟ ਤੋਂ ਅਜੇ ਉਮੀਦਵਾਰ ਦਾ ਐਲਾਨ ਬਾਕੀ ਹੈ।

ਚੋਣ ਕਮਿਸ਼ਨ ਵੱਲੋਂ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਲਈ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 25 ਅਕਤੂਬਰ (ਸ਼ੁੱਕਰਵਾਰ) ਹੋਵੇਗੀ ਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ (ਸੋਮਵਾਰ) ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਿਮ ਮਿਤੀ 30 ਅਕਤੂਬਰ (ਬੁੱਧਵਾਰ) ਹੈ।ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਸੀ ਕਿ ਜ਼ਿਮਨੀ ਚੋਣ ਵਾਲੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ 10 ਅਕਤੂਬਰ, 2024 ਤੱਕ ਕੁੱਲ ਵੋਟਰਾਂ ਦੀ ਗਿਣਤੀ 6 ਲੱਖ 96 ਹਜ਼ਾਰ 316 ਹੈ ਅਤੇ ਕੁੱਲ 831 ਪੋਲਿੰਗ ਸਟੇਸ਼ਨ ਹਨ।

10-ਡੇਰਾ ਬਾਬਾ ਨਾਨਕ ਵਿੱਚ ਕੁੱਲ ਵੋਟਰ 1 ਲੱਖ 93 ਹਜ਼ਾਰ 268 ਹਨ। ਇੱਥੇ 241 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸੇ ਤਰ੍ਹਾਂ 44-ਚੱਬੇਵਾਲ (ਐਸ ਸੀ) ਵਿਧਾਨ ਸਭਾ ਹਲਕੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1 ਲੱਖ 59 ਹਜ਼ਾਰ 254 ਹੈ ਅਤੇ ਇੱਥੇ ਕੁੱਲ 205 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

84-ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿੱਚ ਕੁੱਲ ਵੋਟਰ 1 ਲੱਖ 66 ਹਜ਼ਾਰ 489 ਹਨ। ਇੱਥੇ ਕੁੱਲ 173 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਉੱਧਰ 103-ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਦੀ ਕੁੱਲ ਸੰਖਿਆ 1 ਲੱਖ 77 ਹਜ਼ਾਰ 305 ਹੈ ਅਤੇ 212 ਪੋਲਿੰਗ ਸਟੇਸ਼ਨ ਹਨ।

ਸਿਬਿਨ ਸੀ ਨੇ ਜਾਣਕਾਰੀ ਦਿੱਤੀ ਸੀ ਕਿ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਜ਼ਿਮਨੀ ਚੋਣ ਲਈ ਜ਼ਿਲ੍ਹਾ ਚੋਣ ਅਧਿਕਾਰੀ ਹਨ, ਜਦਕਿ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਿਧਾਨ ਸਭਾ ਹਲਕਾ ਚੱਬੇਵਾਲ (ਐੱਸ ਸੀ) ਦੀ ਜ਼ਿਲ੍ਹਾ ਚੋਣ ਅਧਿਕਾਰੀ ਹੈ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਜ਼ਿਲ੍ਹਾ ਚੋਣ ਅਧਿਕਾਰੀ ਹਨ। ਬਰਨਾਲਾ ਦੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਬਰਨਾਲਾ ਵਿਧਾਨ ਸਭਾ ਹਲਕਾ ਦੀ ਜ਼ਿਮਨੀ ਚੋਣ ਲਈ ਜ਼ਿਲ੍ਹਾ ਚੋਣ ਅਧਿਕਾਰੀ ਨਿਯੁਕਤ ਕੀਤੀ ਗਈ ਹੈ।

ਐੱਸਡੀਐੱਮ ਡੇਰਾ ਬਾਬਾ ਨਾਨਕ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦਾ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜਦਕਿ ਹੁਸ਼ਿਆਰਪੁਰ ਦੇ ਏਡੀਸੀ (ਜੀ) ਵਿਧਾਨ ਸਭਾ ਹਲਕਾ ਚੱਬੇਵਾਲ (ਐਸ ਸੀ) ਦੇ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਉੱਥੇ ਹੀ ਐੱਸਡੀਐੱਮ ਗਿੱਦੜਬਾਹਾ ਨੂੰ ਵਿਧਾਨ ਸਭਾ ਹਲਕਾ ਗਿੱਦੜਬਾਹਾ ਦਾ ਰਿਟਰਨਿੰਗ ਅਧਿਕਾਰੀ ਅਤੇ ਐੱਸਡੀਐਮ ਬਰਨਾਲਾ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਦਾ ਰਿਟਰਨਿੰਗ ਅਧਿਕਾਰੀ ਲਗਾਇਆ ਗਿਆ ਹੈ।

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਚਾਰੋਂ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣ ਅਮਨ ਅਮਾਨ, ਨਿਰਪੱਖਤਾ ਅਤੇ ਪਾਰਦਰਸ਼ੀ ਤਰੀਕੇ ਨਾਲ ਨੇਪਰੇ ਚਾੜ੍ਹਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।