61 ਸਾਲ ਦਾ ਹੋਇਆ ਰਾਸ਼ਟਰ ਦਾ ਗੌਰਵ ਭਾਖੜਾ ਡੈਮ

ਨੰਗਲ – ਦੇਸ਼ ਦੀ ਹਰੀ ਅਤੇ ਉਦਯੋਗਿਕ ਕ੍ਰਾਂਤੀ ਚ ਅਹਿਮ ਯੋਗਦਾਨ ਪਾਉਣ ਵਾਲਾ ਅਤੇ ਰਾਸ਼ਟਰ ਦਾ ਗੌਰਵ ਕਹੇ ਜਾਣ ਵਾਲੇ ਭਾਖੜਾ ਡੈਮ ਅੱਜ 22 ਅਕਤੂਬਰ 2024 ਨੂੰ 61 ਸਾਲ ਦਾ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਏਸ਼ੀਆ ਦਾ ਸਭ ਤੋਂ ਊੱਚਾ ਕਿਹਾ ਜਾਣ ਵਾਲਾ ਭਾਖੜਾ ਡੈਮ , 22 ਅਕਤੂਬਰ 1963 ਨੂੰ ਤਤਕਾਲੀ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵਲੋਂ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ। ਭਾਖੜਾ ਡੈਮ ਦੇ ਸਥਾਪਨਾ ਦਿਵਸ਼ ਮੌਕੇ ਅੱਜ ਭਾਖੜਾ ਡੈਮ ਅਤੇ ਨੰਗਲ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ,ਜਿਸ ਵਿੱਚ ਭਾਖੜਾ ਡੈਮ ਚੇਅਰਮੈਨ ਮਨੋਜ ਤਿ੍ਪਾਠੀ ਸਣੇ ਉੱਚ ਅਧਿਕਾਰੀਆਂ ਵਲੋਂ ਸ਼ਿਰਕਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਣਵੰਡੇ ਪੰਜਾਬ ਦੇ ਬਿਲਾਸ ਪੁਰ ਜਿਲੇ ( ਹੁਣ ਹਿਮਾਚਲ ਪ੍ਰਦੇਸ਼) ਦੇ ਪਿੰਡ ਭਾਖੜਾ ਕੋਲ ਦੋ ਤੰਗ ਪਹਾੜਾਂ ਵਿਚਕਾਰ ਬਣਿਆਾ ਭਾਖੜਾ ਡੈਮ 317 ਪਿੰਡਾ ਨੂੰ ਉਜਾੜ ਕੇ ਬਣਾਇਆ ਗਿਆ ਸੀ।

ਬੇਸ਼ਕ ਭਾਖੜਾ ਡੈਮ ਦੀ ਉਸਾਰੀ ਦੇਸ਼ ਦੀ ਅਜ਼ਾਦੀ ਪਿਛੋਂ ਸ਼ੁਰੂ ਹੋਈ ਸੀ,ਪਰ ਇਸ ਦੇ ਅਸਲ ਹੀਰੋ 1923 ਚ ਅਣਵੰਡੇ ਪੰਜਾਬ ਦੇ ਵਿਧਾਨਕਾਰ ਕੌਂਸਲ ਦੇ ਮੈਂਬਰ ਅਤੇ ਖੇਤੀਬਾੜੀ ਮੰਤਰੀ ਬਣੇ ਸਰ ਛੋਟੂ ਰਾਮ ਸਨ,ਜਿਨਾ ਨੇ 1945 ਵਿੱਚ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਯਤਨ ਸ਼ੁਰੂ ਕੀਤੇ। ਭਾਵੇਂ ਭਾਖੜਾ ਡੈਮ ਦੀ ਉਸਾਰੀ ਦਾ ਕੰਮ ਅਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋਇਆ ਪਰ 1915 ਵਿੱਚ ਹੀ ਇਸ ਡੈਮ ਨੂੰ ਬਣਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ।ਨਿਕਸਲਨ ਦੀ ਖੋਜ ਤੋਂ ਬਾਅਦ 1920 ਤੋਂ 1938 ਦੋਰਾਨ ਇਸ ਡੈਮ ਤੇ ਕਾਫੀ ਕੰੰਮ ਕੀਤਾ ਗਿਆ।ਇਸ ਪ੍ਰਾਜੈਕਟ ਲਈ ਸਮਝੌਤੇ ਤਤਕਾਲੀ ਪੰਜਾਬ ਦੇ ਮਾਲ ਮੰਤਰੀ ਸਰ ਛੋਟੂ ਰਾਮ ਨੇ ਨਵੰਬਰ 1944 ਵਿਚ ਬਿਲਾਸਪੁਰ ਦੇ ਰਾਜੇ ਨਾਲ ਹਸਤਾਖਰ ਕੀਤੇ ਸਨ ਅਤੇ ਪ੍ਰਾਜੈਕਟ ਯੋਜਨਾ ਨੂੰ 8 ਜਨਵਰੀ 1945 ਨੂੰ ਅੰਤਮ ਰੂਪ ਦੇ ਦਿੱਤਾ ਸੀ।

ਬੇਸ਼ਕ ਭਾਖੜਾ ਡੈਮ ਪ੍ਰੋਜੈਕਟ ਮੁੱਖ ਰੂਪ ਵਿੱਚ ਸਿੰਚਾਈ ਪ੍ਰੋਜੈਕਟ ਹੀ ਸੀ ਪਰ ਬਾਅਦ ਵਿੱਚ ਇਸ ਡੈਮ ਤੇ ਬਿਜਲੀ ਤਿਆਰ ਕਰਨ ਦੀ ਯੋਜਨਾ ਬਣਾਈ ਗਈ। ਭਾਖੜਾ ਡੈਮ ਨੇ ਬਿਜਲੀ ਦੀ ਪੈਦਾਵਾਰ ਨਾਲ ਜਿਥੇ ਦੇਸ਼ ਦੀ ਉਦਯੋਗਿਕ ਕ੍ਰਾਂਤੀ ਵਿੱਚ ਅਹਿਮ ਰੋਲ ਅਦਾ ਕੀਤਾ ਹੈ ,ਉਥੇ ਦੇਸ ਦੇ ਤਿੰਨ ਸੂਬਿਆਂ ,ਪੰਜਾਬ ,ਹਰਿਆਣਾ ਅਤੇ ਰਾਜਸਥਾਨ ਦੀ ਕਰੀਬ 65 ਲੱਖ ਏਕੜ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਦੀ ਸਪਲਾਈ ਕਰਕੇ ਹਰੀ ਕਰਾਂਤੀ ਵਿੱਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ।

ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ,ਪੰਡਤ ਜਵਾਹਰ ਲਾਲ ਨਹਿਰੂ ਵਲੋਂ 22 ਅਕਤੂਬਰ 1963 ਨੂੰ ਇਸ ਭਾਖੜਾ ਡੈਮ ਨੂੰ ਰਾਸ਼ਟਰ ਲਈ ਸਮਰਪਿਤ ਕੀਤਾ ਗਿਆ ਸੀ। ਉਦਘਾਟਨ ਮੌਕੇ ਨਹਿਰੂ ਨੇ ਇਸਨੂੰ ਨਵੀਨ ਭਾਰਤ ਦਾ ਆਧੁਨਿਕ ਮੰਦਿਰ ਕਿਹਾ ਸੀ,ਜੋ ਕਿ ਅੱਜ ਸੱਚ ਸਾਬਿਤ ਹੋ ਰਿਹਾ ਹੈ।

1948 ਤੋਂ 1963 ਵਿਚਕਾਰ ਬਣ ਕੇ ਤਿਆਰ ਹੋਏ ਇਸ ਸੰਸਾਰ ਦੇ ਸਭ ਤੋਂ ਉਚੇ ਕੰਕਰੀਟ ਦੇ ਠੋਸ ਬੰਨਾ ਵਿੱਚੋਂ ਇੱਕ ਇਸ ਭਾਖੜਾ ਡੈਮ ਦੀ ਉਚਾਈ 225.55 ਮੀਟਰ (740 ਫੁੱਟ) ਹੈ, ਜੋ ਕਿ ਦਿੱਲੀ ਦੇ ਮਸ਼ਹੂਰ ਕੁਤਬ ਮੀਨਾਰ ਤੋਂ ਤਿੰਨ ਗੁਣਾ ਜ਼ਿਆਦਾ ਹੈ। ਡੈਮ ਦੇ ਪਿਛੇ ਬਣੀ 96.56 ਕਿਲੋ ਮੀਟਰ ਲੰਬੀ ਅਤੇ 168.35 ਵਰਗ ਕਿਲੋਮੀਟਰ (65 ਵਰਗ ਮੀਲ) ਵਿੱਚ ਫੈਲੀ ਗੋਬਿੰਦ ਸਾਗਰ ਝੀਲ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਉਪਰ ਰੱਖਿਆ ਗਿਆ ਹੈ। ਇਸ ਝੀਲ ਵਿੱਚ 9621 ਮਿਲੀਅਨ ਘਣ ਮੀਟਰ ਪਾਣੀ ਸਮਾ ਸਕਦਾ ਹੈ।

ਚੀਫ ਕੰਸਲਟੈਂਟ ਐੱਮਐੱਚ ਸਲੋਕਮ ਦੀ ਅਗਵਾਈ ਹੇਠ ਬਣੀ ਇਸ ਰਾਸ਼ਟਰੀ ਧਰੋਹਰ ਨੂੰ ਬਣਾਉਣ ਲਈ 13 ਹਜ਼ਾਰ ਮਜ਼ਦੂਰਾਂ, 300 ਇੰਜੀਨੀਅਰਾਂ ਅਤੇ 30 ਵਿਦੇਸੀ ਮਾਹਿਰਾਂ ਨੇ ਦਿਨ ਰਾਤ ਕੰਮ ਕਰਕੇ ,ਇਸ ਪ੍ਰੋਜੈਕਟ ਨੂੰ 15 ਸਾਲਾ ਵਿੱਚ ਪੂਰਾ ਕੀਤਾ। ਇਸ ਡੈਮ ਨੂੰ ਬਣਾਉਣ ਲਈ ਸੈਂਕੜੇ ਵਿਆਕਤੀਆਂ ਵਲੋਂ ਆਪਣੇ ਜਾਨ ਦੀ ਅਹੂਤੀ ਦਿੱਤੀ ਗਈ ਜਿਨ੍ਹਾਂ ਦੀ ਯਾਦ ਵਿੱਚ ਭਾਖੜਾ ਡੈਮ ਵਿਖੇ ਇੱਕ ਸ਼ਹੀਦੀ ਸਮਾਰਕ ਵੀ ਬਣਿਆ ਹੋਇਆ ਹੈ। ਇਸ ਡੈਮ ਦੀ ਉਸਾਰੀ ਤੇ 5.2 ਲੱਖ ਘਣ ਮੀਟਰ (68.3 ਲੱਖ ਘਣ ਗਜ਼) ਕੰਕਰੀਟ ਦੀ ਵਰਤੋਂ ਕੀਤੀ ਗਈ। ਕਿਹਾ ਜਾਦਾ ਹੈ ਕਿ ਜਿੰਨੀ ਕੰਕਰੀਟ ਦੀ ਵਰਤੋਂ ਇਸ ਡੈਮ ਨੂੰ ਤਿਆਰ ਕਰਨ ਲਈ ਕੀਤੀ ਗਈ ਹੈ ਉਸ ਨਾਲ ਧਰਤੀ ਦੇ ਦੁਆਲੇ ਅੱਠ ਫੁੱਟ ਚੌੜੀ ਸ਼ੜਕ ਬਣਾਈ ਜਾ ਸਕਦੀ ਹੈ। ਉਸ ਸਮੇਂ ਵਿੱਚ 245 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਇਸ ਡੈਮ ਦੀ ਉਸਾਰੀ ਵਿੱਚ 1.02 ਲੱਖ ਮੀ੍ਰਟਿਕ ਟਨ ਲੋਹਾ ਖਪਤ ਕੀਤਾ ਗਿਆ। ਡੈਮ ਵਿਖੇ ਬਣਾਏ ਦੋ ਬਿਜਲੀ ਘਰਾ ਨੂੰ ਰਾਈਟ ਅਤੇ ਲੈਫਟ ਪਾਵਰ ਬੈਂਕ ਦੇ ਨਾਮ ਨਾਲ ਜਾਣਿਆ ਜਾਦਾ ਹੈ। ਲੈਫਟ ਪਾਵਰ ਹਾਉੂਸ ਵਿੱਚ ਜਪਾਨ, ਫਰਾਂਸ ਅਤੇ ਇੰਗਲੈਂਡ ਦੀ ਬਣੀ ਮਸ਼ੀਨਰੀ ਲਗਾਈ ਗਈ ਹੈ ਅਤੇ ਰਾਈਟ ਬੈਂਕ ਵਿੱਚ ਰਸ਼ੀਅਨ ਮਸ਼ੀਨਰੀ ਦੀ ਵਰਤੋਂ ਕੀਤੀ ਗਈ ਹੈ।

ਇਸ ਸਮੇਂ ਭਾਖੜਾ ਡੈਮ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਹੈ। ਇਸ ਪ੍ਰਜੈਕਟ ਦਾ ਪ੍ਰਬੰਧ, ਭਾਖੜਾ ਬਿਆਸ ਮਨੇਜਮੈਂਟ ਬੋਰਡ ਵਲੋਂ ਕੀਤਾ ਜਾ ਰਿਹਾ ਹੈ। ਡੈਮ ਦੇਖਣ ਲਈ ਬੀਬੀਐੱਮਬੀ ਵਲੋਂ ਨੰਗਲ ਵਿਖੇ ਲੋਕ ਸੰਪਰਕ ਦਫਤਰ ਬਣਾਇਆ ਗਿਆ ਹੈ ਜਿਥੋਂ ਸ਼ਾਮ ਤਿੰਨ ਵਜੇ ਤੋਂ ਪਹਿਲਾ ਪਾਸ ਬਣਦਾ ਹੈ ਅਤੇ ਭਾਖੜਾ ਡੈਮ ਨੂੰ ਅੰਦਰੋਂ ਵੇਖਣ ਲਈ ਵਿਸੇਸ਼ ਰੈੱਡ ਪਰਮਿਟ ਲੈਣਾ ਪੈਦਾ ਹੈ,ਜੋ ਕਿ ਬੀਬੀਐੱਮਬੀ ਦੇ ਮੁੱਖ ਦਫਤਰ ਚੰਡੀਗੜ੍ਹ ਤੋਂ ਜਾਰੀ ਹੁੰਦਾ ਹੈ। ਇਸ ਡੈਮ ਵਾਰੇ ਦਿਲਚਸਪ ਇੱਕ ਗਲ ਇਹ ਵੀ ਹੈ ਕਿ ਨੰਗਲ ਤੋਂ ਭਾਖੜਾ ਡੈਮ ਦੇ ਵਿਚਕਾਰ ਦੁਨੀਆ ਦੀ ਪਹਿਲੀ ਅਜਿਹੀ ਰੇਲ ਗੱਡੀ ਚਲਦੀ ਹੈ,ਜਿਹੜੀ ਕਿ ਬਿਲਕੁਲ ਮੁਫਤ ਹੈ। ਭਾਖੜਾ ਡੈਮ ਨੂੰ ਬਣਾਉਣ ਮੌਕੇ ਬਣਾਈ ਗਈ ਏਸੀਆ ਦੀ ਸਭ ਤੋਂ ਵੱਡੀ ਵਰਕਸ਼ਾਪ ਹੁਣ ਬੰਦ ਹੋਣ ਕਿਨਾਰੇ ਪਹੁੰਚ ਚੁੱਕੀ ਹੈ। ਕਿਸੇ ਸਮੇਂ ਇਸ ਵਰਕਸ਼ਾਪ ਵਿੱਚ 10 ਹਜਾਰ ਦੇ ਕਰੀਬ ਕਰਮਚਾਰੀ ਕੰਮ ਕਰਦੇ ਸਨ ,ਪਰ ਹੁਣ ਇਹ ਗਿਣਤੀ ਮਾਤਰ 200 ਕਰਮਚਾਰੀਆਂ ਤੱਕ ਸਿਮਟ ਚੁੱਕੀ ਹੈ। ਲੋੜ ਹੈ ਇਸ ਵਰਕਸ਼ਾਪ ਨੂੰ ਮੁੜ ਤੋਂ ਚਾਲੂ ਕਰਨ ਦੀ ਜਿਸ ਨਾਲ ਲੋਕਾਂ ਨੂੰ ਰੁਜਗਾਰ ਮਿਲ ਸਕੇ।