ਪੰਜਾਬ ਪੁਲੀਸ ਵੱਲੋਂ ਲਾਰੈਂਸ ਬਿਸ਼ਨੋਈ ਤੇ ਬੰਬੀਹਾ ਗਰੋਹਾਂ ਨਾਲ ਜੁੜੇ ਗੈਂਗਸਟਰ ਕਾਬੂ

ਚੰਡੀਗੜ੍ਹ- ਪੰਜਾਬ ਪੁਲੀਸ ਨੇ ਇਕ ਅਹਿਮ ਕਾਰਵਾਈ ਕਰਦਿਆਂ ਬੰਬੀਹਾ ਗਰੋਹ ਨਾਲ ਜੁੜੇ ਹੋਏ ਲੱਕੀ ਪਟਿਆਲ ਅਤੇ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੁੜੇ ਹੋਏ ਮਨੀ ਭਿੰਡਰ ਦੇ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਹ ਜਾਣਕਾਰੀ ਪੰਜਾਬ ਪੁਲੀਸ ਨੇ ਡੀਜੀਪੀ ਪੰਜਾਬ ਦੇ ਅਧਿਕਾਰਤ ‘ਐਕਸ’ ਅਕਾਊਂਟ ਉਤੇ ਪਾਈ ਇਕ ਪੋਸਟ ਰਾਹੀਂ ਦਿੱਤੀ ਹੈ।

ਇਸ ਟਵੀਟ ਵਿਚ ਕਿਹਾ ਗਿਆ ਹੈ, ‘‘ਮੋਗਾ ਪੁਲੀਸ ਨੇ ਇਕ ਅਹਿਮ ਪ੍ਰਾਪਤੀ ਕਰਦਿਆਂ ਵਿਦੇਸ਼ ਰਹਿੰਦੇ ਲੱਕੀ ਪਟਿਆਲ, ਜੋ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ ਦੇ ਇਕ ਸਹਾਇਕ ਨੂੰ 3 ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੁੜੇ ਹੋਏ ਮਨਪ੍ਰੀਤ ਸਿੰਘ ਉਰਫ਼ ਮਨੀ ਭਿੰਡਰ ਦੇ ਤਿੰਨ ਸਹਾਇਕਾਂ ਨੂੰ ਤਿੰਨ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।’’

ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਗਿਆ ਹੈ, ‘‘ਦੋ ਗਰੋਹਾਂ ਦੇ ਕੁੱਲ ਚਾਰ ਗੈਂਗਸਟਰਾਂ ਨੂੰ 6 ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਇਹ ਮੁਲਜ਼ਮ ਮੋਗਾ ਵਿਚ ਜਬਰੀ ਵਸੂਲੀ ਲਈ ਇਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਣ ਦੇ ਮਨਸੂਬੇ ਬਣਾ ਰਹੇ ਸਨ। ਇਸ ਸਬੰਧੀ ਦੋ ਐਫ਼ਆਈਆਰਜ਼ ਦਰਜ ਕਰ ਕੇ ਉਨ੍ਹਾਂ ਦੇ ਪਿਛਲੇ ਤੇ ਅਗਲੇਰੇ ਸਬੰਧਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।’’

ਪੰਜਾਬ ਪੁਲੀਸ ਨੇ ਆਪਣੀ ਪੋਸਟ ਵਿਚ ਇਹ ਵੀ ਕਿਹਾ ਹੈ, ‘‘ਖ਼ਿੱਤੇ ਵਿਚ ਸਨਸਨੀਖੇਜ਼ ਜੁਰਮ ਨੂੰ ਸਫਲਤਾ ਪੂਰਬਕ ਰੋਕ ਕੇ ਪੰਜਾਬ ਪੁਲੀਸ ਅਮਨ ਤੇ ਸਦਭਾਵਨਾ ਬਣਾਈ ਰੱਖਣ ਵਾਸਤੇ ਜਥੇਬੰਦ ਅਪਰਾਧ ਨੈਟਵਰਕ ਨੂੰ ਤੋੜਨ ਲਈ ਪੂਰੀ ਤਰ੍ਹਾਂ ਸਮਰਪਿਤ ਹੈ।’’