ਨਵੀਂ ਦਿੱਲੀ – ਭਾਰਤ ਅਤੇ ਚੀਨ ਵਿਚਾਲੇ LAC ‘ਤੇ ਗਸ਼ਤ ਨੂੰ ਲੈ ਕੇ ਨਵਾਂ ਸਮਝੌਤਾ ਹੋਇਆ ਹੈ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਇਹ ਸਮਝੌਤਾ ਬ੍ਰਿਕਸ ਸੰਮੇਲਨ ਤੋਂ ਪਹਿਲਾਂ ਹੋਇਆ ਹੈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਸ਼ਾਮਲ ਹੋਣਗੇ।ਸਮਝੌਤਾ ਕਥਿਤ ਤੌਰ ‘ਤੇ ਦੇਪਸਾਂਗ ਤੇ ਡੇਮਚੋਕ ਇਲਾਕਿਆਂ ‘ਚ ਗਸ਼ਤ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ ਟਕਰਾਅ ਦੇ ਇਨ੍ਹਾਂ ਦੋਵਾਂ ਪੁਆਇੰਟਾਂ (ਦੇਪਸਾਂਗ ਤੇ ਡੇਮਚੋਕ) ‘ਤੇ ਪੈਟਰੋਲਿੰਗ ਸ਼ੁਰੂ ਹੋ ਚੁੱਕੀ ਹੈ ਤੇ ਜਲਦ ਹੀ ਦੋਵੇਂ ਦੇਸ਼ ਆਪਣੀਆਂ ਫੌਜਾਂ ਨੂੰ ਪਿੱਛੇ ਹਟਾਉਣਾ ਸ਼ੁਰੂ ਕਰ ਦੇਣਗੇ, ਜਿਸ ਨੂੰ ਮਿਲਟਰੀ ਟਰਮ ‘ਚ ਡਿਸਇੰਗੇਟਮੈਂਟ ਕਿਹਾ ਜਾਂਦਾ ਹੈ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਗੱਲਬਾਤ ਦੇ ਸਵਾਲ ‘ਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, ਪਿਛਲੇ ਕਈ ਹਫਤਿਆਂ ਤੋਂ ਭਾਰਤ ਤੇ ਚੀਨ ਵਿਚਾਲੇ ਕੂਟਨੀਤਕ ਤੇ ਫੌਜੀ ਗੱਲਬਾਤ ਹੋ ਰਹੀ ਹੈ। ਉਨ੍ਹਾਂ ਕਿਹਾ, ਐਲਏਸੀ ਮੁੱਦਿਆਂ ‘ਤੇ ਚੀਨ ਨਾਲ ਸਾਡਾ ਸਮਝੌਤਾ ਹੋਇਆ ਹੈ। ਫੌਜਾਂ ਦੀ ਵਾਪਸੀ ਤੇ ਸਥਿਤੀ ਦੇ ਹੱਲ ਲਈ ਗਸ਼ਤ ਦੇ ਪ੍ਰਬੰਧ ਕੀਤੇ ਗਏ ਹਨ। ਦੁਵੱਲੇ ਮੁੱਦੇ ‘ਤੇ ਅਸੀਂ ਅਜੇ ਵੀ ਸਮੇਂ ਤੇ ਵਚਨਬੱਧਤਾ ਅਨੁਸਾਰ ਕੰਮ ਕਰ ਰਹੇ ਹਾਂ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਬ੍ਰਿਕਸ ਸਿਖਰ ਸੰਮੇਲਨ (BRICS Summit) ਲਈ ਪ੍ਰਧਾਨ ਮੰਤਰੀ ਮੋਦੀ ਦੀ ਰੂਸ ਯਾਤਰਾ ਤੋਂ ਪਹਿਲਾਂ ਵਿਸ਼ੇਸ਼ ਮੀਡੀਆ ਬ੍ਰੀਫਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੀਨੀ ਵਾਰਤਾਕਾਰਾਂ ਦੇ ਨਾਲ ਚਰਚਾ ਦੇ ਨਤੀਜੇ ਵਜੋਂ ਭਾਰਤ-ਚੀਨ ਸਰਹੱਦੀ ਖੇਤਰਾਂ ‘ਚ ਅਸਲ ਕੰਟਰੋਲ ਲਾਈਨ (LAC) ‘ਤੇ ਪੈਟਰੋਲਿੰਗ ਵਿਵਸਥਾ ‘ਤੇ ਸਹਿਮਤੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਫੌਜਾਂ ਦੀ ਵਾਪਸੀ ਹੋ ਰਹੀ ਹੈ ਤੇ ਆਖਰਕਾਰ 2020 ‘ਚ ਪੂਰਬੀ ਲੱਦਾਖ ‘ਚ ਚੀਨੀ ਫੌਜ ਦੀ ਕਾਰਵਾਈ ਤੋਂ ਬਾਅਦ ਪੈਦਾ ਹੋਏ ਮੁੱਦਿਆਂ ਨੂੰ ਹੱਲ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਅਸੀਂ ਡਬਲਯੂਐੱਮਸੀਸੀ ਜ਼ਰੀਏ ਚੀਨੀ ਵਾਰਤਾਕਾਰਾਂ ਦੇ ਨਾਲ ਚਰਚਾ ਕਰ ਰਹੇ ਹਨ ਤੇ ਫ਼ੌਜੀ ਪੱਧਰ ‘ਤੇ ਅਤੇ ਵੱਖ-ਵੱਖ ਪੱਧਰਾਂ ‘ਤੇ ਫੌਜੀ ਕਮਾਂਡਰਾਂ ਦੀਆਂ ਬੈਠਕਾਂ ਜ਼ਰੀਏ ਵੀ ਚਰਚਾ ਕਰ ਰਹੇ ਹਨ। ਅਤੀਤ ‘ਚ ਇਨ੍ਹਾਂ ਚਰਚਾਵਾਂ ਦੇ ਨਤੀਜੇ ਵਜੋਂ ਵੱਖ-ਵੱਖ ਥਾਵਾਂ ‘ਤੇ ਰੇੜਕੇ ਦਾ ਹੱਲ ਹੋਇਆ ਹੈ।