ਦਿੱਲੀ ’ਚ ਸੀਆਰਪੀਐੱਫ ਸਕੂਲ ਨੇੜੇ ਧਮਾਕਾ

ਨਵੀਂ ਦਿੱਲੀ-ਕੌਮੀ ਰਾਜਧਾਨੀ ਦੇ ਰੋਹਿਨੀ ਸਥਿਤ ਪ੍ਰਸ਼ਾਂਤ ਵਿਹਾਰ ਇਲਾਕੇ ’ਚ ਸੀਆਰਪੀਐੱਫ ਸਕੂਲ ਨੇੜੇ ਅੱਜ ਸਵੇਰੇ ਪੌਣੇ ਅੱਠ ਵਜੇ ਦੇ ਕਰੀਬ ਇਕ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ’ਚ ਕੋਈ ਜ਼ਖ਼ਮੀ ਨਹੀਂ ਹੋਇਆ। ਰੋਹਿਨੀ ਦੇ ਸੈਕਟਰ-14 ’ਚ ਸੀਆਰਪੀਐੱਫ ਸਕੂਲ ਨੇੜੇ ਹੋਏ ਧਮਾਕੇ ਮਗਰੋਂ ਬੰਬ ਨਕਾਰਾ ਦਸਤਾ ਅਤੇ ਪੁਲੀਸ ਫੋਰੈਂਸਿਕ ਟੀਮਾਂ ਮੌਕੇ ’ਤੇ ਪੁੱਜੀਆਂ ਅਤੇ ਉਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ। ਕੌਮੀ ਜਾਂਚ ਏਜੰਸੀ (ਐੱਨਆਈਏ) ਅਤੇ ਕੌਮੀ ਸੁਰੱਖਿਆ ਗਾਰਡ (ਐੱਨਐੱਸਜੀ) ਦੇ ਅਧਿਕਾਰੀ ਵੀ ਜਾਂਚ ਲਈ ਮੌਕੇ ’ਤੇ ਪਹੁੰਚ ਗਏ। ਪੁਲੀਸ ਨੂੰ ਸ਼ੱਕ ਹੈ ਕਿ ਧਮਾਕਾ ਦੇਸੀ ਬੰਬ ਫਟਣ ਕਾਰਨ ਹੋਇਆ ਹੈ। ਫੋਰੈਂਸਿਕ ਮਾਹਿਰਾਂ ਨੂੰ ਮੌਕੇ ਤੋਂ ਸ਼ੱਕੀ ‘ਸਫ਼ੈਦ ਪਾਊਡਰ’ ਮਿਲਿਆ ਹੇੈ ਜਿਸ ਨੂੰ ਜਾਂਚ ਲਈ ਪ੍ਰਯੋਗਸ਼ਾਲਾ ਭੇਜਿਆ ਗਿਆ ਹੈ। ਉਨ੍ਹਾਂ ਘਟਨਾ ਵਾਲੀ ਥਾਂ ਤੋਂ ਮਿੱਟੀ ਦੇ ਨਮੂਨੇ ਵੀ ਲਏ ਹਨ।

ਪੁਲੀਸ ਨੇ ਦੱਸਿਆ ਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਧਮਾਕੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਐੱਨਐੱਸਜੀ ਕਮਾਂਡੋਜ਼ ਨੇ ਪੂਰੇ ਇਲਾਕੇ ਦੀ ਛਾਣਬੀਣ ਲਈ ਰੋਬੋਟ ਤਾਇਨਾਤ ਕੀਤੇ ਤਾਂ ਜੋ ਕੋਈ ਹੋਰ ਧਮਾਕਾਖੇਜ਼ ਸਮੱਗਰੀ ਦਾ ਪਤਾ ਲਾਇਆ ਜਾ ਸਕੇੇ। ਉਨ੍ਹਾਂ ਕਿਹਾ ਕਿ ਧਮਾਕੇ ’ਚ ਸਕੂਲ ਦੀ ਦੀਵਾਰ, ਨੇੜਲੀਆਂ ਦੁਕਾਨਾਂ ਅਤੇ ਇਕ ਕਾਰ ਨੂੰ ਨੁਕਸਾਨ ਪਹੁੰਚਿਆ ਹੈ। ਦਿੱਲੀ ਪੁਲੀਸ ਨੇ ਕਿਹਾ ਕਿ ਉਹ ਮੋਬਾਈਲ ਨੈੱਟਵਰਕ ਡੇਟਾ ਇਕੱਠਾ ਕਰ ਰਹੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਧਮਾਕੇ ਸਮੇਂ ਘਟਨਾ ’ਤੇ ਕੌਣ-ਕੌਣ ਮੌਜੂਦ ਸੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਹਨ। ਇਲਾਕੇ ’ਚ ਰਹਿੰਦੇ ਰਾਕੇਸ਼ ਗੁਪਤਾ ਨੇ ਕਿਹਾ ਕਿ ਜਦੋਂ ਧਮਾਕਾ ਹੋਇਆ ਤਾਂ ਉਹ ਆਪਣੇ ਘਰਾਂ ਤੋਂ ਬਾਹਰ ਆ ਗਏ। ਧਮਾਕੇ ਵਾਲੀ ਥਾਂ ਨੇੜੇ ਐਨਕਾਂ ਵੇਚਣ ਵਾਲੇ ਸੁਮਿਤ ਨੇ ਕਿਹਾ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉਸ ਦੀ ਦੁਕਾਨ ਦੀਆਂ ਬਾਰੀਆਂ ਟੁੱਟ ਗਈਆਂ ਅਤੇ ਅੰਦਰ ਪਿਆ ਸਾਰਾ ਸਾਮਾਨ ਖਿੰਡ ਗਿਆ।