ਜੰਮੂ-ਕਸ਼ਮੀਰ ’ਚ ਦਹਿਸ਼ਤੀ ਹਮਲਾ; ਤਿੰਨ ਮਜ਼ਦੂਰ ਹਲਾਕ, ਚਾਰ ਜ਼ਖ਼ਮੀ

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ’ਚ ਦਹਿਸ਼ਤੀ ਹਮਲੇ ’ਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਦਹਿਸ਼ਤਗਰਦਾਂ ਨੇ ਜ਼ਿਲ੍ਹੇ ਦੇ ਗੁੰਡ ਖੇਤਰ ਵਿੱਚ ਸੁਰੰਗ ਦੀ ਉਸਾਰੀ ਦਾ ਕੰਮ ਕਰ ਰਹੀ ਇਕ ਨਿੱਜੀ ਕੰਪਨੀ ਦੇ ਕੈਂਪ ’ਤੇ ਗੋਲੀਬਾਰੀ ਕੀਤੀ। ਅਪੁਸ਼ਟ ਰਿਪੋਰਟਾਂ ਮੁਤਾਬਕ ਦਹਿਸ਼ਤਗਰਦਾਂ ਦੇ ਹਮਲੇ ਵਿੱਚ ਛੇ ਵਿਅਕਤੀ ਮਾਰੇ ਗਏ ਹਨ, ਜਿਨ੍ਹਾਂ ਵਿੱਚ ਇਕ ਡਾਕਟਰ ਵੀ ਸ਼ਾਮਲ ਹੈ। ਹਾਲਾਂਕਿ ਦੇਰ ਰਾਤ ਤੱਕ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਹੋਈ। ਪੁਲੀਸ ਅਤੇ ਫੌਜ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਦਹਿਸ਼ਤਗਰਦਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਮਲੇ ਦੀ ਨਿਖੇਧੀ ਕੀਤੀ ਹੈ।