ਮਨੀਪੁਰ ਦੇ ਜਿਰੀਬਾਮ ਪਿੰਡ ਵਿੱਚ ਅਤਿਵਾਦੀਆਂ ਨੇ ਹਮਲਾ ਕੀਤਾ

ਇੰਫਾਲ-ਮਨੀਪੁਰ ਵਿੱਚ ਅਤਿਵਾਦੀਆਂ ਨੇ ਜਿਰੀਬਾਮ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਹਮਲਾ ਕਰ ਦਿੱਤਾ, ਜਿਸ ਮਗਰੋਂ ਸ਼ਨਿਚਰਵਾਰ ਨੂੰ ਮੁੜ ਤੋਂ ਹਿੰਸਾ ਭੜਕ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਨੇ ਆਧੁਨਿਕ ਹਥਿਆਰਾਂ ਨਾਲ ਤੜਕੇ ਕਰੀਬ 5 ਵਜੇ ਬੋਰੋਬੇਕਰਾ ਪੁਲੀਸ ਥਾਣੇ ਅਧੀਨ ਆਉਣ ਵਾਲੇ ਇਕ ਪਿੰਡ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਨੇ ਬੰਬਾਰੀ ਵੀ ਕੀਤੀ। ਉਨ੍ਹਾਂ ਦੱਸਿਆ ਕਿ ਸੀਆਰਪੀਐੱਫ ਅਤੇ ਪੁਲੀਸ ਮੁਲਾਜ਼ਮਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਦੋਵੇਂ ਪਾਸਿਓਂ ਭਾਰੀ ਗੋਲੀਬਾਰੀ ਹੋਈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ ’ਤੇ ਵਾਧੂ ਸੁਰੱਖਿਆ ਬਲਾਂ ਨੂੰ ਭੇਜਿਆ ਜਾ ਰਿਹਾ ਹੈ। ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਮੁੜ ਤੋਂ ਹਿੰਸਾ ਸ਼ੁਰੂ ਹੋਣ ’ਤੇ ਸੁਰੱਖਿਆ ਬਲ ਬਜ਼ੁਰਗ ਲੋਕਾਂ, ਔਰਤਾਂ ਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾ ਰਹੇ ਹਾਂ। ਜਿਰੀਬਾਮ ਸ਼ਹਿਰ ਤੋਂ ਕਰੀਬ 30 ਕਿਲੋਮੀਟਰ ਦੂਰ ਬੋਰੋਬੇਕਰਾ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ ਅਤੇ ਇਕ ਪਹਾੜੀ ਖੇਤਰ ਹੈ। ਸੂਬੇ ਵਿੱਚ ਜਾਰੀ ਸੰਘਰਸ਼ ਦਾ ਸ਼ਾਂਤੀਪੂਰਨ ਹੱਲ ਕੱਢਣ ਲਈ ਸੰਘਰਸ਼ ਪ੍ਰਭਾਵਿਤ ਮੈਤੇਈ ਅਤੇ ਕੁਕੀ ਭਾਈਚਾਰਿਆਂ ਦੇ ਵਿਧਾਇਕਾਂ ਵਿਚਾਲੇ ਨਵੀਂ ਦਿੱਲੀ ਵਿੱਚ ਗੱਲਬਾਤ ਦੇ ਕੁਝ ਦਿਨ ਬਾਅਦ ਇਹ ਹਿੰਸਾ ਹੋਈ ਹੈ।

ਇਸੇ ਦੌਰਾਨ ਮਨੀਪੁਰ ਦੇ ਇੰਫਾਲ ਈਸਟ ਜ਼ਿਲ੍ਹੇ ਵਿੱਚ ਦੋ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰ ਅਤਿਵਾਦੀਆਂ ਦੀ ਪਛਾਣ ਪਾਬੰਦੀਸ਼ੁਦਾ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਪੀਪਲਜ਼ ਵਾਰ ਗਰੁੱਪ) ਦੇ ਮੁਤੁਮ ਇਲਾਓ ਸਿੰਘ (31) ਅਤੇ ਖਵੈਰਾਕਪਾਮ ਰਾਜੇਨ ਸਿੰਘ (25) ਵਜੋਂ ਕੀਤੀ ਗਈ ਹੈ। ਉਨ੍ਹਾਂ ਨੂੰ ਵਸੂਲੀ ਤੇ ਹੋਰ ਨੁਕਸਾਨਦਾਇਕ ਗਤੀਵਿਧੀਆਂ ਦੇ ਦੋਸ਼ਾਂ ਵਿੱਚ ਸ਼ੁੱਕਰਵਾਰ ਨੂੰ ਪੁਰੇਰੌਂਬੋ ਖੌਂਗਨਾਂਗਖੌਂਗ ਇਲਾਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕੋਲ ਇਕ ਦੋਪਹੀਆ ਵਾਹਨ, ਤਿੰਨ ਮੋਬਾਈਲ ਫੋਨ ਅਤੇ 7600 ਰੁਪਏ ਵੀ ਬਰਾਮਦ ਕੀਤੇ ਗਏ ਹਨ।