ਭਾਰਤ-ਕੈਨੇਡਾ ਵਿਚਾਲੇ ਤਣਾਅ ਦਾ ਸਟੱਡੀ ਵੀਜ਼ਾ ਅਰਜ਼ੀਆ

 ਜਲੰਧਰ – ਭਾਰਤ-ਕੈਨੇਡਾ ਵਿਚਾਲੇ ਤਣਾਅ ਦੀ ਸਥਿਤੀ ਪੈਦਾ ਹੋਣ ਕਾਰਨ ਸਟੱਡੀ ਵੀਜ਼ਾ ’ਤੇ ਜਾਣ ਵਾਲੇ ਵਿਦਿਆਰਥੀਆਂ ’ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਸਰਕਾਰ ਦੀਆ ਇਮੀਗਰੇਸ਼ਨ ਨੀਤੀਆ ’ਚ ਤਬਦੀਲੀ ਹੋਣ ਕਾਰਨ ਇਥੋਂ ਦੇ ਵਿਦਿਆਰਥੀਆਂ ਦਾ ਕੈਨੇਡਾ ਜਾਣ ਦਾ ਮੋਹ ਘੱਟ ਹੋ ਰਿਹਾ ਹੈ। ਕੈਨੇਡਾ ’ਚ ਵਿਦਿਆਰਥੀਆਂ ਨੂੰ ਕੰਮ ਨਾ ਮਿਲਣ ਦੇ ਨਾਲ-ਨਾਲ ਘਰਾਂ ਦੇ ਕਿਰਾਏ ਵੀ ਵਧੇ ਹਨ। ਜੀਆਈਸੀ ਪਹਿਲਾਂ ਦੇ ਮੁਕਾਬਲੇ ਦੁੱਗਣਾ ਕੀਤੇ ਜਾਣ ਨੂੰ ਲੈ ਕੇ ਵੀ ਵਿਦਿਆਰਥੀ ਕੈਨੇਡਾ ਜਾਣ ਤੋਂ ਮੁਨਕਰ ਹੋ ਰਹੇ ਹਨ। ਮੌਜੂਦਾ ਸਾਲ 2024 ਦੌਰਾਨ ਜਨਵਰੀ ਤੋਂ ਸਤੰਬਰ ਤੱਕ ਵਿਦਿਆਰਥੀਆਂ ਦੇ ਕੈਨੇਡਾ ਜਾਣ ਲਈ ਲਾਈਆ ਜਾਣ ਵਾਲੀਆ ਅਰਜ਼ੀਆਂ ਦੀ ਪ੍ਰੀਕਿਰਿਆ 50 ਫੀਸਦੀ ਦੇ ਕਰੀਬ ਦਰਜ ਕੀਤੀ ਗਈ ਹੈ। ਹੁਣ ਭਾਰਤ ਤੇ ਕੈਨੇਡਾ ਦੇ ਰਿਸ਼ਤਿਆ ’ਚ ਤਣਾਅ ਪੈਦਾ ਹੋਣ ਕਾਰਨ ਅਗਲੇ ਸਾਲ ਜਨਵਰੀ ਇਨਟੇਕ ਲਈ ਅਰਜ਼ੀਆਂ ਦੀ ਗਿਣਤੀ 35 ਫੀਸਦੀ ਰਹਿਣ ਦੀ ਉਮੀਦ ਹੈ। ਕੈਨੇਡਾ ਤੋਂ ਮੋਹ ਭੰਗ ਹੋਣ ਤੋਂ ਬਾਅਦ ਵਿਦਿਆਰਥੀ ਆਸਟ੍ਰੇਲੀਆ, ਇੰਗਲੈਂਡ ਤੇ ਨਿਊਜ਼ੀਲੈਂਡ ਵੱਲ ਰੁਖ਼ ਕਰ ਰਹੇ ਹਨ।ਐਸੋਸੀਏਸ਼ਨ ਕੰਸਲਟੈਂਟ ਫਾਰ ਓਵਰਸੀਜ਼ ਸਟੱਡੀ ਦੇ ਜਨਰਲ ਸਕੱਤਰ ਦਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਸਟੱਡੀ ਵੀਜ਼ੇ ’ਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀਆਂ ਅਰਜ਼ੀਆਂ ’ਚ ਗਿਰਾਵਟ ਆਈ ਹੈ। ਸਤੰਬਰ 2023 ’ਚ ਵਿਦੇਸ਼ ਮੰਤਰਾਲੇ ਨੇ ਕੈਨੇਡਾ ’ਚ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦਰਮਿਆਨ ਕੈਨੇਡੀਅਨਾਂ ਲਈ ਵੀਜ਼ੇ ’ਤੇ ਰੋਕ ਲਗਾ ਦਿੱਤੀ ਸੀ। ਉਸ ਤੋਂ ਬਾਅਦ ਸਟੱਡੀ ਵੀਜ਼ਾ ਤੇ ਵਿਜ਼ਟਰ ਵੀਜ਼ਾ ’ਤੇ ਜਾਣ ਵਾਲੇ ਲੋਕਾਂ ਦੀਆਂ ਅਰਜ਼ੀਆਂ ’ਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਕੈਨੇਡਾ ’ਚ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ। ਆਰਥਿਕ ਮੰਦੀ ਕਾਰਨ ਪਹਿਲਾਂ ਹੀ ਕੈਨੇਡਾ ’ਚ ਕੰਮ ਨਾ ਮਿਲਣ ਕਰਕੇ ਕੌਮਾਂਤਰੀ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਟੱਡੀ ਕੰਸਲਟੈਂਟ ਅਨੁਸਾਰ ਸਾਲ 2016 ’ਚ 32000 ਤੋਂ ਵੱਧ ਵੀਜ਼ਾ ਅਰਜ਼ੀਆਂ ਦਿੱਤੀਆਂ ਗਈਆਂ ਸਨ। ਸਾਲ 2019 ’ਚ ਅਰਜ਼ੀਆ ਦੀ ਗਿਣਤੀ 87 ਹਜ਼ਾਰ ਤੋਂ ਵੱਧ ਹੋ ਗਈ। 2021 ਦੌਰਾਨ ਅਰਜ਼ੀਆਂ ਦੀ ਗਿਣਤੀ ਇਕ ਲੱਖ ਤੋਂ ਵੀ ਵੱਧ ਸੀ। ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਹਾਲਾਤ ਨੂੰ ਦੇਖਦੇ ਹੋਏ ਉਮੀਦ ਹੈ ਕਿ ਸਾਲ 2023 ਤੇ 2024 ’ਚ ਅਰਜ਼ੀਆਂ ਦੀ ਗਿਣਤੀ 40 ਫੀਸਦੀ ਰਹਿ ਜਾਵੇਗੀ।ਐੱਸਕੋਸ ਦੇ ਮੁਤਾਬਕ ਸਟੱਡੀ ਵੀਜ਼ਾ ’ਤੇ ਗਏ ਵਿਦਿਆਰਥੀਆਂ ਨੂੰ ਕੰਮ ਨਾ ਮਿਲਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਦੀ ਨਵੀਂ ਇਮੀਗਰੇਸ਼ਨ ਨੀਤੀ ਕਾਰਨ ਵਿਦਿਆਰਥੀ ਕੈਨੇਡਾ ਵੱਲ ਰੁਖ਼ ਨਹੀਂ ਕਰ ਰਹੇ। ਅਰਜ਼ੀਆਂ ’ਚ ਕਮੀ ਪਾਈ ਜਾ ਰਹੀ ਹੈ। ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਕਾਰੋਬਾਰ 70 ਫੀਸਦੀ ਤੱਕ ਡਿੱਗ ਚੁੱਕਿਆ ਹੈ। ਅਰਜ਼ੀਆਂ ਘਟ ਗਈਆ ਹਨ। ਪਰਿਵਾਰਕ ਮੈਂਬਰ ਅਜੇ ਵੀ ਅਰਜ਼ੀ ਦੇਣ ਤੋਂ ਪਹਿਲਾਂ ਕੈਨੇਡਾ ਦੀ ਸਥਿਤੀ ਬਾਰੇ ਪੁੱਛ ਰਹੇ ਹਨ।ਫੈਂਸ਼ੀਓ ਕਾਲਜ ’ਚ ਪੜ੍ਹਨ ਵਾਲੇ ਆਯੁਸ਼ ਦੀ ਮਾਤਾ ਪਰਮਜੀਤ ਕੌਰ ਨੇ ਕਿਹਾ ਕਿ ਭਾਰਤ ਕੈਨੇਡਾ ਦੇ ਰਿਸ਼ਤਿਆ ’ਚ ਤਣਾਅ ਕਾਰਨ ਚਿੰਤਾ ਤਾਂ ਹੁੰਦੀ ਹੈ। ਕੈਨੇਡਾ ’ਚ ਪਹਿਲਾਂ ਹੀ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ। ਘਰਾਂ ਦਾ ਕਿਰਾਇਆ ਜ਼ਿਆਦਾ ਹੈ। ਬੱਚਿਆ ਲਈ ਸਰਵਾਈਵ ਕਰਨਾ ਮੁਸ਼ਕਲ ਹੋ ਰਿਹਾ ਹੈ। ਦੋਹਾਂ ਦੇਸ਼ਾਂ ’ਚ ਰਿਸ਼ਤਾ ਠੀਕ ਨਹੀਂ ਹੁੰਦਾ ਹੈ ਤਾਂ ਇਸ ਦਾ ਅਸਰ ਬੱਚਿਆਂ ਦੇ ਕੰਮ ’ਤੇ ਪੈ ਸਕਦਾ ਹੈ। ਥੋੜ੍ਹਾ ਬਹੁਤ ਕੰਮ ਮਿਲ ਰਿਹਾ ਹੈ,ਉਹ ਵੀ ਬੰਦ ਹੋ ਸਕਦਾ ਹੈ।ਹਰ ਸਾਲ ਤਿੰਨ ਲੱਖ ਤੋਂ ਵੱਧ ਪੰਜਾਬੀ ਵਿਦਿਆਰਥੀ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ। ਐੱਸਕੋਸ ਦੇ ਅਨੁਸਾਰ ਹਰ ਸਾਲ ਲਗਭਗ 68 ਹਜ਼ਾਰ ਕਰੋੜ ਰੁਪਏ ਫੀਸ ਵਜੋਂ ਕੈਨੇਡਾ ਜਾਂਦੇ ਹਨ। ਹਾਲਾਂਕਿ ਪਿਛਲੇ ਇਕ ਸਾਲ ਦੌਰਾਨ ਕੈਨੇਡਾ ’ਚ ਸਥਿਤੀ ਨੂੰ ਦੇਖਦੇ ਹੋਏ ਅਰਜ਼ੀ ਦੀ ਪ੍ਰਕਿਰਿਆ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ।