ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਮਾਮਲੇ ’ਚ ਸ਼ਾਮਲ ਅਧਿਕਾਰੀ ਬਰਖ਼ਾਸਤ

ਨਵੀਂ ਦਿੱਲੀ –ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੈਨੇਡੀਅਨ-ਅਮਰੀਕੀ ਨਾਗਰਿਕ ਤੇ ਖ਼ਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ’ਚ ਅਮਰੀਕਾ ਤੋਂ ਮਿਲੀ ਸੂਚਨਾ ਦੇ ਆਧਾਰ ’ਤੇ ਇਕ ਸਰਕਾਰੀ ਅਧਿਕਾਰੀ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਭਾਰਤ ਵਲੋਂ ਇਹ ਪੁਸ਼ਟੀ ਤਦ ਕੀਤੀ ਹੈ ਜਦੋਂ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਸਬੰਧੀ ਦੋਸ਼ਾਂ ਦੀ ਜਾਂਚ ਲਈ ਭਾਰਤੀ ਜਾਂਚ ਦਲ ਦੇ ਦੋ ਅਧਿਕਾਰੀ ਅਮਰੀਕਾ ’ਚ ਹਨ। ਅਮਰੀਕੀ ਅਧਿਕਾਰੀਆਂ ਨੇ ਵੀ ਇਕ ਦਿਨ ਪਹਿਲਾਂ ਕਿਹਾ ਸੀ ਕਿ ਇਕ ਭਾਰਤੀ ਅਧਿਕਾਰੀ ਦਾ ਬਰਖ਼ਾਸਤਗੀ ਹੋਈ ਹੈ। ਵੀਰਵਾਰ ਨੂੰ ਵੀ ਅਮਰੀਕਾ ਨੇ ਕਿਹਾ ਹੈ ਕਿ ਉਕਤ ਜਾਂਚ ਦੇ ਮਾਮਲੇ ’ਚ ਭਾਰਤ ਤੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਤੇ ਉਹ ਇਸ ਤੋਂ ਸੰਤੁਸ਼ਟ ਹੈ।

ਵਿਦੇਸ਼ ਮਤੰਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਤੋਂ ਜਦੋਂ ਇਸ ਸਬੰਧ ’ਚ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ- ਹਾਂ, ਮੈਂ ਇਸ ਗੱਲ ਦੀ ਪੁਸ਼ਟੀ ਕਰਦਾ ਹਾਂ ਕਿ ਉਹ ਵਿਅਕਤੀ ਹੁਣ ਭਾਰਤ ਸਰਕਾਰ ਦਾ ਹਿੱਸਾ ਨਹੀਂ ਹੈ। ਉਨ੍ਹਾਂ ਨੇ ਉਕਤ ਅਧਿਕਾਰੀ ਦੇ ਬਾਰੇ ’ਚ ਹੋਰ ਕੋਈ ਵੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਯਾਦ ਰਹੇ ਕਿ ਅਮਰੀਕੀ ਏਜੰਸੀਆਂ ਨੂੰ ਉਕਤ ਅਧਿਕਾਰੀ ਦੇ ਬਾਰੇ ’ਚ ਜਾਣਕਾਰੀ ਨਿਖਿਲ ਗੁਪਤਾ ਨੇ ਦਿੱਤੀ ਸੀ। ਗੁਪਤਾ ਉਹ ਵਿਅਕਤੀ ਹਨ ਜਿਨ੍ਹਾਂ ਨੂੰ ਅਮਰੀਕਾ ਨੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਪ੍ਰਮੁੱਖ ਅਪਰਾਧੀ ਮੰਨਿਆ ਹੈ। ਉਸ ਨੂੰ ਚੈਕ ਗਣਰਾਜ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਬਾਅਦ ’ਚ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਗੁਪਤਾ ਨੇ ਹੀ ਦੱਸਿਆ ਸੀ ਕਿ ਉਸ ਨੂੰ ਭਾਰਤੀ ਅਧਿਕਾਰੀ (ਕੋਡ ਨਾਂ ਸੀਸੀਵਨ) ਨੇ ਪੰਨੂ ਦੀ ਹੱਤਿਆ ਕਰਵਾਉਣ ਦਾ ਨਿਰਦੇਸ਼ ਦਿੱਤਾ ਸੀ।ਯਾਦ ਰਹੇ ਕਿ ਪੰਨੂ ਨੂੰ ਭਾਰਤ ਸਰਕਾਰ ਨੇ ਪਹਿਲਾਂ ਹੀ ਅੱਤਵਾਦੀ ਸੂਚੀ ’ਚ ਪਾਇਆ ਹੋਇਆ ਹੈ ਪਰ ਉਹ ਕੈਨੇਡਾ ਤੇ ਅਮਰੀਕਾ ਤੋਂ ਲਗਾਤਾਰ ਭਾਰਤ ਵਿਰੋਧੀ ਰੈਲੀਆਂ ਤੇ ਦੂਜੇ ਪ੍ਰੋਗਰਾਮ ਕਰਦਾ ਹੈ। ਉਸ ਨੇ ਇਕ ਸੰਗਠਨ ਸਿੱਖਸ ਫਾਰ ਜਸਟਿਸ ਬਣਾਇਆ ਹੋਇਆ ਹੈ ਜਿਸ ’ਤੇ ਭਾਰਤ ਨੇ ਪਾਬੰਦੀ ਲਗਾਈ ਹੋਈ ਹੈ।
ਜਾਇਸਵਾਲ ਨੇ ਕਿਹਾ ਕਿ ਭਾਰਤ ਲਗਾਤਾਰ ਅਮਰੀਕਾ ਨਾਲ ਸੰਪਰਕ ’ਚ ਹੈ। ਕੈਨੇਡਾ ਵਲੋਂ ਭਾਰਤ ’ਤੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲਗਾਉਣ ਦੇ ਕੁਝ ਹੀ ਦਿਨਾਂ ਬਾਅਦ ਅਮਰੀਕਾ ਨੇ ਵੀ ਕਿਹਾ ਸੀ ਕਿ ਭਾਰਤੀ ਏਜੰਸੀਆਂ ਨਾਲ ਜੁੜੇ ਵਿਅਕਤੀ ਪੰਨੂ ਦੀ ਹੱਤਿਆ ਕਰਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਇ ਸਦੀ ਜਾਂਚ ਕਰਨ ਲਈ ਭਾਰਤ ਨੇ ਇਕ ਕਮੇਟੀ ਬਣਾਈ ਹੋਈ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ’ਚ ਖ਼ਾਲਿਸਤਾਨੀ ਅੱਤਵਾਦੀ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਦੇ ਸਬੰਧ ’ਚ ਭਾਰਤੀ ਜਾਂਚ ਕਮੇਟੀ ਦੇ ਨਾਲ ਬੈਠਕ ਸਕਾਰਾਤਮਕ ਰਹੀ। ਅਸੀਂ ਉਨ੍ਹਾਂ ਦੀ ਜਾਂਚ ਤੇ ਸਹਿਯੋਗ ਤੋਂ ਸੰਤੁਸ਼ਟ ਹਾਂ। ਮਿਲਰ ਨੇ ਵੀ ਕਿਹਾ ਕਿ ਉਹ ਵਿਅਕਤੀ ਹੁਣ ਭਾਰਤ ਸਰਕਾਰ ਦਾ ਮੁਲਾਜ਼ਮ ਨਹੀਂ ਹੈ।