ਸਲਮਾਨ ਖ਼ਾਨ ਨੂੰ ਮਾਰਨ ਲਈ ਦਿੱਤੀ ਗਈ ਸੀ 25 ਲੱਖ ਦੀ ਸੁਪਾਰੀ

ਮੁੰਬਈ- ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਮਾਰਨ ਦੀ ਸਾਜ਼ਿਸ਼ ਦੇ ਸਿਲਸਿਲੇ ’ਚ ਪਨਵੇਲ ਪੁਲਿਸ ਨੇ ਛੇਵੇਂ ਮੁਲਜ਼ਮ ਸੁਖਵਿੰਦਰ ਸਿੰਘ ਉਰਫ ਸੁੱਖਾ ਨੂੰ ਹਰਿਆਣਾ ਦੇ ਪਾਣੀਪਤ ਤੋਂ ਗ੍ਰਿਫ਼ਤਾਰ ਕੀਤਾ ਹੈ। ਜੂਨ ’ਚ ਪੁਲਿਸ ਪੰਜ ਹੋਰ ਮੁਲਜ਼ਮਾਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਚੁੱਕੀ ਹੈ। ਪੁਲਿਸ ਦੇ ਮੁਤਾਬਕ, ਸਲਮਾਨ ਨੂੰ ਮਾਰਨ ਦੀ ਸਾਜ਼ਿਸ਼ ਅਗਸਤ, 2023 ਤੋਂ ਅਪ੍ਰੈਲ 2024 ਤੱਕ ਰਚੀ ਗਈ ਸੀ ਤੇ ਇਸ ਲਈ 25 ਲੱਖ ਰੁਪਏ ਦੀ ਸੁਪਾਰੀ ਦਿੱਤੀ ਗਈ ਸੀ।ਚਾਰਜਸ਼ੀਟ ਦੇ ਮੁਤਾਬਕ, ਗੈਂਗ ਦੀ ਯੋਜਨਾ ਸਲਮਾਨ ਖ਼ਾਨ ਨੂੰ ਸਿੱਧੂ ਮੂਸੇਵਾਲਾ ਵਾਂਗ ਮਾਰਨ ਦੀ ਸੀ ਤੇ ਇਸ ਲਈ ਉਹ ਬਾਂਦਰਾ ਸਥਿਤ ਮਕਾਨ ਤੋਂ ਲੈ ਕੇ ਪਨਵੇਲ ਦੇ ਫਾਰਮ ਹਾਊਸ ਤੇ ਫਿਲਮ ਸਿਟੀ ਤੱਕ ਸਲਮਾਨ ਦੀ ਮੂਵਮੈਂਟ ’ਤੇ ਨਜ਼ਰ ਰੱਖ ਰਹੇ ਸਨ। ਉਨ੍ਹਾਂ ਦਾ ਇਰਾਦਾ ਹੱਤਿਆ ਲਈ ਏਕੇ-47, ਐੱਮ-16, ਤੇ ਏਕੇ-92 ਵਰਗੇ ਹਥਿਆਰਾਂ ਦੀ ਵਰਤੋਂ ਕਰਨ ਦਾ ਸੀ ਜਿਨ੍ਹਾਂ ਦੀ ਸਪਲਾਈ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਮੈਂਬਰ ਵਲੋਂ ਪਾਕਿਸਤਾਨ ਤੋਂ ਕੀਤੀ ਜਾਣੀ ਸੀ। ਸੂਤਰਾਂ ਦੇ ਮੁਤਾਬਕ, ਪਨਵੇਲ ਪੁਲਿਸ ਨੇ ਮਾਮਲੇ ’ਚ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਸਮੇਤ 18 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ ਤੇ ਹਾਲੇ ਤੱਕ ਛੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੁੱਖਾ ਲਾਰੈਂਸ ਗੈਂਗ ਦਾ ਹੀ ਮੈਂਬਰ ਹੈ ਤੇ ਨਵੀ ਮੁੰਬਈ ਪੁਲਿਸ ਦੀ ਰਡਾਰ ’ਤੇ ਰਿਹਾ ਸੀ।