ਸਿੱਖ ਖੇਡਾਂ ਕਮੇਟੀ ਮੈਲਬੌਰਨ ਦੇ ਉਪ ਪ੍ਰਧਾਨ ਬਣੇ ਗੁਰਪ੍ਰੀਤ ਸ਼ੌਕਰ

ਮੈਲਬੌਰਨ- ਕਬੱਡੀ ਖਿਡਾਰੀ, ਕੋਚ ਤੇ ਵੱਖ – ਵੱਖ ਖੇਡ ਸੰਸਥਾਵਾਂ ਚ ਅਣਥੱਕ ਸੇਵਾਵਾਂ ਦੇ ਰਹੇ ਗੁਰਪ੍ਰੀਤ ਸਿੰਘ (ਗੋਪੀ) ਸ਼ੌਕਰ ਦੀ ਸਿੱਖ ਖੇਡਾਂ ਕਮੇਟੀ ਮੈਲਬੌਰਨ 2026 ਲਈ ਸਰਬਸੰਮਤੀ ਨਾਲ ਉਪ ਪ੍ਰਧਾਨ ਦੇ ਅਹੁਦੇ ਲਈ ਚੋਣ ਕੀਤੀ ਗਈ ਹੈ। ਸਿੱਖ ਖੇਡਾਂ ਦਾ ਮਹਾਕੁੰਭ 2026 ਵਿੱਚ ਮੈਲਬੌਰਨ ਵਿੱਚ ਲੱਗਣ ਜਾ ਰਿਹਾ ਹੈ। ਜਿਸ ਬਾਬਤ ਹੁਣੇ ਤੋ ਹੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ।ਸਿੱਖ ਖੇਡਾਂ ਵਿੱਚ ਆਸਟ੍ਰੇਲੀਆ ਸਮੇਤ ਹੋਰਨਾਂ ਦੇਸ਼ਾ ਤੋਂ ਵੀ ਦਰਸ਼ਕ ਤੇ ਖਿਡਾਰੀ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। ਕਰੀਬ ਤਿੰਨ ਦਹਾਕਿਆਂ ਤੋ ਜਿਆਦਾ ਸਮੇਂ ਤੋਂ ਚਲ ਰਹੀਆਂ ਸਿੱਖ ਖੇਡਾਂ ਕੋਮਾਂਤਰੀ ਪੱਧਰ ‘ਤੇ ਇੱਕ ਵੱਖਰਾ ਮੁਕਾਮ ਹਾਸਲ ਕਰ ਚੁੱਕੀਆਂ ਹਨ ਤੇ ਹਰ ਸਾਲ ਸਿੱਖ ਖੇਡਾਂ ਦਾ ਦਾਇਰਾ ਨਿਰੰਤਰ ਵਧਦਾ ਜਾ ਰਿਹਾ ਹੈ। ਸਿੱਖ ਖੇਡਾਂ ਵਰਗੇ ਵੱਡੇ ਕਾਰਜ ਨੂੰ ਨੇਪਰੇ ਚਾੜਨ ਲਈ ਇੱਕ ਵਧੀਆ ਟੀਮ ਦੀ ਲੋੜ ਹੁੰਦੀ ਹੈ ਮੈਲਬੌਰਨ ਦੀ ਟੀਮ ਵਿੱਚ ਇਸ ਵਾਰ ਗੁਰਪ੍ਰੀਤ ਸ਼ੋਕਰ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕਿ ਕਬੱਡੀ ਖੇਡ ਜਗਤ ਦਾ ਜਾਣਿਆ ਪਛਾਣਿਆ ਚਿਹਰਾ ਹੈ। ਹੁਸ਼ਿਆਰਪੁਰ ਦੇ ਪਿੰਡ ਪੱਟੀ ਦਾ ਜੰਮਪਲ ਗੁਰਪ੍ਰੀਤ ਸ਼ੋਕਰ ਜੋ 2001 ਤੋਂ 2013 ਤੱਕ ਦੋਆਬਾ ਸਪੋਰਟਸ ਕਲੱਬ ਨਿਊਜ਼ੀਲੈਂਡ ਲਈ ਖੇਡਿਆ।

2019 ਵਿੱਚ ਮੀਰੀ ਪੀਰੀ ਕਲੱਬ ਮੈਲਬੌਰਨ ਦੀ ਸਥਾਪਨਾ ਕੀਤੀ ਤੇ 2021 ਤੱਕ ਪ੍ਰਧਾਨ ਰਿਹਾ। 2021 ਤੋਂ 2023 ਤੱਕ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਉਪ ਪ੍ਰਧਾਨ ਤੇ 2024 ਤੋ ਪ੍ਰਧਾਨ ਦੇ ਅਹੁਦੇ ‘ਤੇ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਗੁਰਪ੍ਰੀਤ ਸ਼ੋਕਰ ਦੀ ਅਗਵਾਈ ਵਿੱਚ ਮੀਰੀ ਪੀਰੀ ਕਲੱਬ 2019 ਚ ਪਹਿਲੀ ਵਾਰ ਸ਼ੂਰੂ ਹੋਈਆਂ ਸਿੱਖ ਖੇਡਾਂ ਵਿੱਚ ਜੇਤੂ ਟੀਮ ਰਹੀ ਸੀ। ਇਸ ਦੇ ਨਾਲ ਨਾਲ ਸਿੱਖ ਖੇਡਾ ਕਾਂਫਸ ਹਾਰਬਰ (2022) ਤੇ ਗੋਲਡ ਕੋਸਟ (2023) ਵਿੱਚ ਸੈਮੀ ਫਾਇਨਲ ਵਿੱਚ ਪੁੱਜੀ ਸੀ ਤੇ 2024 ਵਿੱਚ ਐਡੀਲੇਡ ਵਿੱਖੇ ਹੋਈਆਂ ਸਿੱਖ ਖੇਡਾਂ ਦੇ ਫਾਇਨਲ ਵਿੱਚ ਜੇਤੂ ਟੀਮ ਰਹੀ।

ਮੀਰੀ ਪੀਰੀ ਕਬੱਡੀ ਕਲੱਬ ‘ਚ ਗੁਰਪ੍ਰੀਤ ਸ਼ੋਕਰ ਦੀ ਅਗਵਾਈ ਵਿੱਚ ਹੁਣ ਤੱਕ ਕਬੱਡੀ ਜਗਤ ਦੇ 50 ਕਰੀਬ ਚੋਟੀ ਦੇ ਖਿਡਾਰੀ ਖੇਡ ਚੁੱਕੇ ਹਨ। ਗੁਰਪ੍ਰੀਤ ਸ਼ੋਕਰ ਦਾ ਕਹਿਣਾ ਹੈ ਕਿ ਉਨਾਂ ਨੂੰ ਜੋ ਇਹ ਅਹਿਮ ਜਿੰਮੇਵਾਰੀ ਮਿਲੀ ਹੈ ਉਹ ਪੂਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨੂੰ ਨਿਭਾਉਣਗੇ ਤਾਂ ਜੋ ਸਿੱਖ ਖੇਡਾਂ ਦੀ ਚੜ੍ਹਤ ਬਰਕਰਾਰ ਰੱਖੀ ਜਾ ਸਕੇ। ਇਸ ਮੌਕੇ ਮੀਰੀ ਪੀਰੀ ਕਲੱਬ ਦੇ ਪ੍ਰਧਾਨ ਮੋਂਟੀ ਬੇਨੀਪਾਲ, ਸੁਖਰਾਜ ਰੋਮਾਣਾ, ਵਿੱਕੀ ਸੰਧੂ ਰਖਾਲਾ, ਪ੍ਰਗਟ ਔਲਖ,ਜੱਸਾ ਬੋਲੀਨਾ ਤੇ ਅੰਗਰੇਜ਼ ਸਿੰਘ ਨਿਊਜ਼ੀਲੈਂਡ, ਵਰਿੰਦਰ ਸਿੰਘ ਬਰੇਲੀ, ਮਨਜੀਤ ਸਿੰਘ ਬੱਲਾ ਤੇ ਇੰਦਰਜੀਤ ਸਿੰਘ ਕਾਲਕਟ ਨੇ ਗੁਰਪ੍ਰੀਤ ਸ਼ੋਕਰ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ।