ਵੀਆਈਪੀ ਸੁਰੱਖਿਆ ਤੋਂ ਐੱਨਐੱਸਜੀ ਹਟੇਗੀ, ਹੋਵੇਗੀ CRPF ਦੇ ਹਵਾਲੇ

ਨਵੀਂ ਦਿੱਲੀ – ਦੇਸ਼ ’ਚ ਅੱਤਵਾਦੀ ਹਮਲਿਆਂ ਦੀਆਂ ਧਮਕੀਆਂ ਵਿਚਾਲੇ ਕੇਂਦਰ ਸਰਕਾਰ ਨੇ ਵੀਆਈਪੀ ਸੁਰੱਖਿਆ ਤੋਂ ਅੱਤਵਾਦ ਰੋਕੂ ਕਮਾਂਡੋ ਦਸਤੇ ‘ਐੱਨਐੱਸਜੀ’ ਨੂੰ ਪੂਰੀ ਤਰ੍ਹਾਂ ਹਟਾਉਣ ਦਾ ਆਦੇਸ਼ ਜਾਰੀ ਕਰ ਦਿੱਤਾ ਹੈ। ਨਾਲ ਹੀ ਜ਼ਿਆਦਾ ਖਤਰੇ ਵਾਲੇ ਨੌ ਵੀਆਈਪੀਜ਼ ਦੀ ਸੁਰੱਖਿਆ ਦੀ ਕਮਾਨ ਅਗਲੇ ਮਹੀਨੇ ਤੋਂ ਕੇਂਦਰੀ ਸੁਰੱਖਿਆ ਦਸਤਾ ਸੀਆਰਪੀਐੱਫ ਸੰਭਾਲੇਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਹਾਲੀਆ ਸੰਸਦ ਦੀ ਸੁਰੱਖਿਆ ਜ਼ਿੰਮੇਵਾਰੀ ਤੋਂ ਹਟਾਈ ਗਈ ਖਾਸ ਤੌਰ ’ਤੇ ਸਿਖਲਾਈ ਜਵਾਨਾਂ ਦੀ ਬਟਾਲੀਅਨ ਨੂੰ ਸੀਆਰਪੀਐੱਫ ਦੇ ਵੀਆਈਪੀ ਸੁਰੱਖਿਆ ਵਿੰਗ ਨਾਲ ਜੋੜਨ ਦਾ ਫ਼ੈਸਲਾ ਕੀਤਾ ਹੈ।ਸੂਤਰਾਂ ਦਾ ਕਹਿਣਾ ਹੈ ਕਿ ਜ਼ੈੱਡ ਪਲੱਸ ਸ਼੍ਰੇਣੀ ਦੀ ਵੀਆਈਪੀ ਸੁਰੱਖਿਆ ਵਾਲੇ ਨੌ ਵੀਆਈਪੀ਼ਜ਼ ਦੀ ਸੁਰੱਖਿਆ ਹਾਲੇ ਤੱਕ ਰਾਸ਼ਟਰੀ ਸੁਰੱਖਿਆ ਗਾਰਡ (ਐੱਨਐੱਸਜੀ) ਦੇ ਬਲੈਕ ਕੈਟ ਕਮਾਂਡੋਜ਼ ਕਰ ਰਹੇ ਸਨ। ਇਨ੍ਹਾਂ ਨੌ ਵੀਆਈਪੀਜ਼ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਬਸਪਾ ਸੁਪਰੀਮੋ ਮਾਇਆਵਤੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਜਹਾਜ਼ਰਾਣੀ ਮੰਤਰੀ ਸਰਬਾਨੰਦ ਸੋਨੋਵਾਲ, ਛੱਤੀਸਗੜ੍ਹ ਦੇ ਸਾਬਕਾ ਸੀਐੱਮ ਰਮਨ ਸਿੰਘ, ਜੰਮੂ ਕਸ਼ਮੀਰ ਦੇ ਸਾਬਕਾ ਸੀਐੱਮ ਗੁਲਾਮ ਨਬੀ ਆਜ਼ਾਦ, ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਤੇ ਆਂਧਰ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਸ਼ਾਮਲ ਹਨ। ਹੁਣ ਇਨ੍ਹਾਂ ਦੀ ਸੁਰੱਖਿਆ ਸੀਆਰਪੀਐੱਫ ਸੰਭਾਲੇਗੀ। ਗ੍ਰਹਿ ਮੰਤਰਾਲੇ ਨੇ ਦੋਵਾਂ ਸੁਰੱਖਿਆ ਦਸਤਿਆਂ ਵਿਚਾਲੇ ਡਿਊਟੀ ਟਰਾਂਸਫਰ ਇਕ ਮਹੀਨੇ ’ਚ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੀਆਰਪੀਐੱਫ ਕੋਲ ਵੀਆਈਪੀ ਸੁਰੱਖਿਆ ਲਈ ਛੇ ਬਟਾਲੀਅਨਾਂ ਹਨ, ਜਿਸ ਵਿਚ ਸੱਤਵੀਂ ਬਟਾਲੀਅਨ ਨੂੰ ਵੀ ਸ਼ਾਮਲ ਕਰਨ ਲਈ ਕਿਹਾ ਗਿਆ।