ਭਾਰਤ ’ਚ ਮਾਲਦੀਵ ਦੀ ਨਵੀਂ ਹਾਈ ਕਮਿਸ਼ਨਰ ਹੋਵੇਗੀ ਐਸ਼ਤ ਅਜ਼ੀਮਾ

ਮਾਲੇ-ਸੀਨੀਅਰ ਕੂਟਨੀਤਕ ਐਸ਼ਤ ਅਜ਼ੀਮਾ ਭਾਰਤ ’ਚ ਮਾਲਦੀਪ ਦੇ ਹਾਈ ਕਮਿਸ਼ਨਰ ਇਬਰਾਹਿਮ ਸ਼ਾਹੀਬ ਦੀ ਥਾਂ ਲਵੇਗੀ। ਨਿਊਜ਼ ਏਜੰਸੀ ‘ਸਨ.ਐੱਮਵੀ’ ਨੇ ਕਿਹਾ ਕਿ ਭਾਰਤ ’ਚ ਨਵੇਂ ਰਾਜਦੂਤ ਦੀ ਨਿਯੁਕਤੀ ਦਾ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਇਹ ਟਾਪੂਨੁਮਾ ਮੁਲਕ ਭਾਰਤ ਨਾਲ ਆਪਣੇ ਸਬੰਧ ਸੁਧਾਰਨਾ ਤੇ ਮਜ਼ਬੂਤ ਕਰਨਾ ਚਾਹੁੰਦਾ ਹੈ। ਇਸ ਖ਼ਬਰ ’ਚ ਭਾਰਤ ਨੂੰ ਮਾਲਦੀਵ ਦੇ ਸਭ ਤੋਂ ਨੇੜਲੇ ਦੁਵੱਲੇ ਭਾਈਵਾਲਾਂ ’ਚੋਂ ਇੱਕ ਦੱਸਿਆ ਗਿਆ ਹੈ। ਮੁਇਜ਼ੂ ਨੇ ਬੀਤੇ ਦਿਨ ਸੰਸਦ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਨੂੰ ਪੱਤਰ ਭੇਜ ਕੇ ਅਜ਼ੀਮਾ ਦੀ ਨਿਯੁਕਤੀ ਲਈ ਸੰਸਦੀ ਮਨਜ਼ੂਰੀ ਮੰਗੀ ਸੀ। ਕਮੇਟੀ ਨੇ ਅੱਜ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ। ਵਿਦੇਸ਼ ਸੇਵਾ ’ਚ 1988 ’ਚ ਸ਼ਾਮਲ ਹੋਈ ਅਜ਼ੀਮਾ ਨੇ ਜੂਨ 2019 ਤੋਂ ਸਤੰਬਰ 2023 ਤੱਕ ਚੀਨ ’ਚ ਮਾਲਦੀਵ ਦੀ ਰਾਜਦੂਤ ਵਜੋਂ ਕੰਮ ਕੀਤਾ ਹੈ।