ਕੋਲਕਾਤਾ-ਕਲਕੱਤਾ ਹਾਈ ਕੋਰਟ ਵੱਲੋਂ ਰੈੱਡ ਰੋਡ ’ਤੇ ਦੁਰਗਾ ਪੂਜਾ ਕਾਰਨੀਵਲ ਨੇੜਲੇ ਖੇਤਰਾਂ ’ਚ ਪਾਬੰਦੀ ਦੇ ਹੁਕਮਾਂ ਨੂੰ ਰੱਦ ਕੀਤੇ ਜਾਣ ਤੋਂ ਤੁਰੰਤ ਬਾਅਦ ਮੁਜ਼ਾਹਰਾਕਾਰੀ ਜੂਨੀਅਰ ਡਾਕਟਰਾਂ ਨੇ ਅੱਜ ਸ਼ਹਿਰ ਦੇ ਐਸਪਲੇਨੇਡ ਖੇਤਰ ’ਚ ਰਾਣੀ ਰਸ਼ਮੋਨੀ ਰੋਡ ਤੋਂ ਆਪਣਾ ‘ਦਰੋਹਰ ਕਾਰਨੀਵਲ’ (ਵਿਰੋਧ ਦਾ ਕਾਰਨੀਵਲ) ਸ਼ੁਰੂ ਕੀਤਾ। ਆਰਜੀ ਕਰ ਮੈਡੀਕਲ ਕਾਲਜ ਦੇ ਹਸਪਤਾਲ ’ਚ ਵਾਪਰੀ ਜਬਰ ਜਨਾਹ ਤੇ ਕਤਲ ਦੀ ਘਟਨਾ ਖ਼ਿਲਾਫ਼ ਰੋਸ ਪ੍ਰਗਟਾ ਰਹੇ ਡਾਕਟਰਾਂ ਦੀ ਇਸ ਰੈਲੀ ਵਿੱਚ ਵੱਡੀ ਗਿਣਤੀ ਲੋਕ ਸ਼ਾਮਲ ਹੋਏ। ਇਸੇ ਦੌਰਾਨ ਭਾਜਪਾ ਨੇ ਵੀ ਰੋਸ ਰੈਲੀ ਕੀਤੀ। ਡਾਕਟਰਾਂ ਦੇ ਸਮੂਹ ਦੇ ਮੈਂਬਰ ਦੇਬਾਸ਼ੀਸ਼ ਹਲਦਰ ਨੇ ਕਿਹਾ, ‘ਇਹ ਆਮ ਲੋਕਾਂ ਦੀ ਪ੍ਰਤੀਕਿਰਿਆ ਹੈ, ਜੋ ਪੱਛਮੀ ਬੰਗਾਲ ਸਰਕਾਰ ਦੇ ਗ਼ੈਰਸੰਵੇਦਨਸ਼ੀਲ ਰਵੱਈਏ ਖ਼ਿਲਾਫ਼ ਰੋਸ ਮੁਜ਼ਾਹਰਾ ਕਰਨਾ ਚਾਹੁੰਦੇ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਇਸ ਗੱਲ ਤੋਂ ਬੇਫਿਕਰ ਨਜ਼ਰ ਆ ਰਹੇ ਹਨ ਕਿ ਨੌਜਵਾਨ ਡਾਕਟਰ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ।’ ਇੱਥੇ ਦਸਣਾ ਬਣਦਾ ਹੈ ਕਿ ਇਹ ਡਾਕਟਰ 5 ਅਕਤੂਬਰ ਤੋਂ ਭੁੱਖ ਹੜਤਾਲ ’ਤੇ ਹਨ। ਜੁਆਇੰਟ ਪਲੈਟਫਾਰਮ ਆਫ ਡਾਕਟਰਜ਼ ਨੇ ਜੂਨੀਅਰ ਡਾਕਟਰਾਂ ਦੇ ਮੁਜ਼ਾਹਰੇ ਦੀ ਹਮਾਇਤ ਕੀਤੀ ਹੈ।
ਇਸੇ ਦੌਰਾਨ ਆਰਜੀ ਕਰ ਹਸਪਤਾਲ ’ਚ ਵਾਪਰੀ ਘਟਨਾ ਦੇ ਰੋਸ ਵਜੋਂ ਭਾਜਪਾ ਨੇ ਵੀ ਰੋਸ ਰੈਲੀ ਕੀਤੀ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਭਾਜਪਾ ਵਰਕਰਾਂ ਤੇ ਪਾਰਟੀ ਹਮਾਇਤੀਆਂ ਨੇ ਐਸਪਲੇਨੇਡ ਤੋਂ ਕਾਲਜ ਸਕੁਏਅਰ ਤੱਕ ਰੈਲੀ ਕੀਤੀ। ਉਨ੍ਹਾਂ ਪੱਛਮੀ ਬੰਗਾਲ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।