ਜਲੰਧਰ ਪੁਲਿਸ ਨੇ ਮੁੰਬਈ ਪੁਲਿਸ ਨੂੰ ਭੇਜੀ ਜੀਸ਼ਾਨ ਅਖਤਰ ਦੇ ਸਾਥੀਆਂ ਦੀ ਸੂਚੀ

ਜਲੰਧਰ – ਮੁੰਬਈ ’ਚ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਮਾਮਲੇ ’ਚ ਮੁਲਜ਼ਮ ਜੀਸ਼ਾਨ ਅਖਤਰ ਦੇ ਸਾਥੀਆਂ ਦੀ ਸੂਚੀ ਜਲੰਧਰ ਪੁਲਿਸ ਨੇ ਮੁੰਬਈ ਪੁਲਿਸ ਨੂੰ ਭੇਜੀ ਹੈ। ਨਕੋਦਰ ਦੇ ਪਿੰਡ ਸ਼ੰਕਰ ’ਚ ਜੀਸ਼ਾਨ ਦੇ ਪਰਿਵਾਰ ਦਾ ਅਜੇ ਕੋਈ ਸੁਰਾਗ ਨਹੀਂ ਲੱਗਿਆ ਪੁਲਿਸ ਜੀਸ਼ਾਨ ਦੇ ਪਿਤਾ ਮੁਹੰਮਦ ਜਮੀਲ ਦੀ ਤਲਾਸ਼ ਕਰ ਰਹੀ ਹੈ। ਜੀਸ਼ਾਨ ਅਖਤਰ ਪੰਜਾਬ ’ਚ ਜਿਨ੍ਹਾਂ ਗੈਂਗਸਟਰ ਦੇ ਸੰਪਰਕ ’ਚ ਸੀ ਉਨ੍ਹਾਂ ਦੀ ਜਾਣਕਾਰੀ ਮੁੰਬਈ ਪੁਲਿਸ ਨੂੰ ਦੇਣ ਤੋਂ ਇਲਾਵਾ ਜਲੰਧਰ ਪੁਲਿਸ ਪਤਾ ਲਗਾ ਰਹੀ ਹੈ ਪਰਿਵਾਰ ਤੋਂ ਇਲਾਵਾ ਹੋਰ ਕੌਣ ਜੀਸ਼ਾਨ ਦੇ ਸਪੰਰਕ ’ਚ ਸੀ। ਜਲੰਧਰ ਦਿਹਾਤੀ ਪੁਲਿਸ ਦੀ ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਜੀਸ਼ਾਨ ਨੇ ਸੱਤ ਸਾਥੀਆਂ ਦੀ ਸੂਚੀ ਮੁੰਬਈ ਪੁਲਿਸ ਨੂੰ ਦਿੱਤੀ ਗਈ ਹੈ। ਜੋ ਲਾਰੇਂਸ ਬਿਛਨੋਈ ਗੈਂਗ ਨਾਲ ਜੁੜੇ ਹਨ। ਹੱਤਿਆਕਾਂਡ ਦੇ ਮਾਮਲੇ ’ਚ ਮੁੰਬਈ ਪੁਲਿਸ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦੇ ਸੰਪਰਕ ’ਚ ਹੈ। ਫਿਲਹਾਲ ਜਲੰਧਰ ਪੁਲਿਸ ਨੇ ਰਿਪੋਰਟ ਭੇਜੀ ਹੈ ਕਿ ਪਰਿਵਾਰ ਸ਼ੰਕਰ ਪਿੰਡ ’ਚ ਨਹੀਂ ਹੈ। ਮੁਲਜ਼ਮ ਦੇ ਵੱਡੇ ਭਰਾ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਜੋ ਆਪਣੇ ਪਿਤਾ ਦੇ ਨਾਲ ਕੰਮ ਕਰਦਾ ਸੀ। ਪਿੰਡ ਵਾਸੀਆਂ ਦੇ ਮੁਤਾਬਕ ਉਹ ਹੁਸ਼ਿਆਰਪੁਰ ਆਪਣੀ ਮਾਸੀ ਕੋਲ 15 ਦਿਨ ਪਹਿਲਾਂ ਗਿਆ ਸੀ ਜਦ ਉਸ ਦੇ ਪਿਤਾ ਮੁਹੰਮਦ ਜਮੀਲ ਇਹ ਕਹਿ ਕੇ ਗਏ ਸਨ ਕਿ ਉਹ ਸਾਉਦੀ ਅਰਬ ਜਾ ਰਹੇ ਹਨ। ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਹੁਣ ਅਧਿਕਾਰਤ ਤੌਰ ’ਤੇ ਕਿਹਾ ਨਹੀਂ ਜਾ ਸਕਦਾ ਕਿ ਮੁਹੰਮਦ ਜਮੀਲ ਵਿਦੇਸ਼ ਗਏ ਹਨ। ਜਲੰਧਰ ਦਿਹਾਤੀ ਪੁਲਿਸ ਨੇ ਜੀਸ਼ਾਨ ਤੇ ਉਸ ਦੇ ਪਰਿਵਾਰ ਦੀ ਜਾਣਕਾਰੀ ਉਚ-ਅਧਿਕਾਰੀਆਂ ਨੂੰ ਦਿੱਤੀ ਹੈ। ਫਿਲਹਾਲ ਜਲੰਧਰ ’ਚ ਮੁੰਬਈ ਪੁਲਿਸ ਜਾਂ ਕੋਈ ਏਜੰਸੀ ਦੇ ਅਧਿਕਾਰੀ ਨਹੀਂ ਪਹੁੰਚੇ। ਜੀਸ਼ਾਨ ਅਪਰਾਧਿਕ ਦੁਨੀਆ ’ਚ ਕਦਮ ਰੱਖਣ ਤੋਂ ਬਾਅਦ ਨਕੋਦਰ ਤੋਂ ਇਲਾਵਾ ਫਰੀਦਕੋਟ, ਕੋਟਕਪੁਰ ਤੇ ਆਸ-ਪਾਸ ਦੇ ਇਲਾਕਿਆਂ ’ਚ ਸਰਗਰਮ ਹੋਇਆ। ਇਸ ਤੋਂ ਪਹਿਲਾਂ ਉਹ ਮਹਾ ਰਾਸ਼ਟਰ ਤੇ ਉੱਤਰ ਪ੍ਰਦੇਸ਼ ’ਚ ਵੀ ਰਿਹਾ। ਸੂਤਰਾਂ ਮੁਤਾਬਕ ਹੱਤਿਆ ਕਾਂਡ ਦੇ ਮੁਲਜ਼ਮਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਮੁੰਬਈ ਪੁਲਿਸ ਤੇ ਜਾਂਚ ਏਜੰਸੀਆਂ ਜੀਸ਼ਾਨ ਦੀ ਅਪਰਾਧਿਕ ਪਿਛੋਕੜ ਜਾਣਨ ਲਈ ਪੰਜਾਬ ਪਹੁੰਚ ਸਕਦੀ ਹੈ।