ਸਲਮਾਨ ਖਾਨ ਨਾਲ ਜੁੜਿਐ ਬਾਬਾ ਸਿੱਦੀਕੀ ਦੀ ਹੱਤਿਆ ਦਾ ਕਾਰਨ

 ਮੁੰਬਈ –ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਪੁਸ਼ਟੀ ਕੀਤੀ ਹੈ ਕਿ ਰਾਕਾਂਪਾ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਦਾ ਕਾਰਣ ਸੁਪਰਸਟਾਰ ਸਲਮਾਨ ਖਾਨ ਦੇ ਨਾਲ ਉਨ੍ਹਾਂ ਦਾ ਡੂੰਘਾ ਰਿਸ਼ਤਾ ਹੈ ਜੋ ਕਾਲੇ ਹਿਰਣ ਦੇ ਸ਼ਿਕਾਰ ਮਾਮਲੇ ਦੇ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੀ ਹਿੱਟ ਲਿਸਟ ਵਿਚ ਹੈ। ਸਲਮਾਨ ਖਾਨ ਇਸ ਮਾਮਲੇ ਵਿਚ ਮੁਲਜ਼ਮ ਹੈ। ਸੂਤਰਾਂ ਮੁਤਾਬਿਕ, ਸਿੱਦੀਕੀ ਦੀ ਹੱਤਿਆ ਨੂੰ ਸਲਮਾਨ ਖਾਨ ਦੇ ਕਰੀਬੀਆਂ ਨੂੰ ਬਿਸ਼ਨੋਈ ਗੈਂਗ ਵੱਲੋਂ ਸੰਦੇਸ਼ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਦੀ ਅਦਾਕਾਰ ਨਾਲ ਭਾਵਨਾਤਮਕ ਤੇ ਵਿੱਤੀ ਸਾਂਝ ਹੈ। ਇਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸੇ ਸਾਲ ਸਤੰਬਰ ਵਿਚ ਕੈਨੇਡਾ ਵਿਚ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ ਵੀ ਇਕ ਚੁਣੌਤੀ ਸੀ। ਇਸ ਫਾਇਰਿੰਗ ਦੀ ਜਿੰਮੇਦਾਰੀ ਵੀ ਬਿਸ਼ਨੌਈ ਗੈਂਗ ਨੇ ਲਈ ਸੀ। ਢਿੱਲੋਂ ਨੇ ਇਕ ਮਿਊਜ਼ਿਕ ਵੀਡੀਓ ਲਈ ਮੁਫਤ ਵਿਚ ਸਲਮਾਨ ਖਾਨ ਨੂੰ ਸਹਿਯੋਗ ਦਿੱਤਾ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਮਾਮਲੇ ਦੀ ਜਾਂਚ ਤੇ ਹੁਣ ਰਾਜਨੇਤਾ ਦੀ ਹੱਤਿਆ ਮਾਮਲੇ ਦੀ ਜਾਂਚ ਬਿਸ਼ਨੋਈ ਗੈਂਗ ਵੱਲੋਂ ਇਸ਼ਾਰਾ ਕਰ ਰਹੀ ਹੈ। ਲੱਗਦਾ ਹੈ ਕਿ ਇਹ ਗੈਂਗ ਹਰ ਉਸ ਵਿਅਕਤੀ ਨੂੰ ਨਿਸ਼ਾਨਾਂ ਬਣਾ ਰਹੀ ਹੈ ਜੋ ਸਲਮਾਨ ਖਾਨ ਦਾ ਕਰੀਬੀ ਹੈ। ਮੁੰਬਈ ਪੁਲਿਸ ਕਮਿਸ਼ਨਰ ਵਿਵੇਕ ਫਨਸਾਲਕਰ ਨੇ ਬਾਬਾ ਸਿੱਦੀਕੀ ਦੀ ਹੱਤਿਆ ਦੇ ਬਾਅਦ ਕਈ ਮੈਰਾਥਨ ਬੈਠਕਾਂ ਕੀਤੀਆਂ ਹਨ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਅਜਿਹਾ ਕੋਈ ਸੰਦੇਸ਼ ਨਹੀਂ ਮਿਲਿਆ ਸੀ ਕਿ ਉਹ ਬਿਸ਼ਨੋਈ ਗੈਂਗ ਦਾ ਨਿਸ਼ਾਨਾਂ ਬਣ ਸਕਦੇ ਹਨ। ਇਕ ਪ੍ਰਮੁੱਖ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਇਹ ਇਕ ਖੁਫੀਆ ਅਸਫਲਤਾ ਹੈ ਤੇ ਇਸ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਸੂਤਰਾਂ ਮੁਤਾਬਿਕ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ, ਅੱਤਵਾਦ ਰੋਧਕ ਇਕਾਈ, ਵਿਸ਼ੇਸ਼ ਬ੍ਰਾਂਚ ਤੇ ਆਪਰਾਧਿਕ ਖੂਫੀਆ ਇਕਾਈ ਨੂੰ ਸਲਮਾਨ ਖਾਨ ਦੇ ਨੇੜਲੇ ਹਰੇਕ ਵਿਅਕਤੀ ਦਾ ਬਿਓਰਾ ਇਕੱਠਾ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਭਵਿੱਖ ਵਿਚ ਕਿਸੇ ਵੀ ਹਮਲੇ ਤੋਂ ਬਚਿਆ ਜਾ ਸਕੇ।