ਵਿਦੇਸ਼ ’ਚ ਭਾਰਤੀ ਭਾਈਚਾਰੇ ਦੀ ਭੂਮਿਕਾ ਅਹਿਮ: ਮੁਰਮੂ

ਅਲਜੀਅਰਸ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅਲਜੀਰੀਆ ਦੀ ਰਾਜਧਾਨੀ ਅਲਜੀਅਰਸ ਵਿੱਚ ਭਾਰਤੀ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਤੇ ਭਾਰਤੀ ਸਮਾਜ ਨੇ ਵਿਦੇਸ਼ਾਂ ਵਿੱਚ ਭਾਰਤ ਦਾ ਰੁਤਬਾ, ਮਾਣ ਅਤੇ ਸਨਮਾਨ ਵਧਾਉਣ ਵਿੱਚ ਭਾਰਤੀ ਭਾਈਚਾਰੇ ਦੀ ਭੂਮਿਕਾ ਦੀ ਹਮੇਸ਼ਾ ਸ਼ਲਾਘਾ ਕੀਤੀ ਹੈ। ਮੁਰਮੂ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਗੇੜ ਤਹਿਤ ਐਤਵਾਰ ਸ਼ਾਮ ਨੂੰ ਅਲਜੀਅਰਜ਼ ਪਹੁੰਚੇ। ਭਾਰਤ-ਅਫਰੀਕਾ ਸਬੰਧ ਮਜ਼ਬੂਤ ​​ਕਰਨ ਲਈ ਕਿਸੇ ਭਾਰਤੀ ਰਾਸ਼ਟਰਪਤੀ ਦੀ ਇਹ ਪਹਿਲੀ ਯਾਤਰਾ ਹੈ।

ਐਤਵਾਰ ਸ਼ਾਮ ਨੂੰ ਅਲਜੀਅਰਸ ਪਹੁੰਚਣ ਮਗਰੋਂ ਉਨ੍ਹਾਂ ਭਾਰਤੀ ਭਾਈਚਾਰੇ ਨਾਲ ਗੱਲਬਾਤ ਕੀਤੀ। ਰਾਸ਼ਟਰਪਤੀ ਭਵਨ ਨੇ ਇਸ ਬਾਰੇ ਐਕਸ ’ਤੇ ਕਿਹਾ, ‘ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅਲਜੀਅਰਸ ਵਿੱਚ ਭਾਰਤੀ ਭਾਈਚਾਰੇ ਦੇ ਸਵਾਗਤੀ ਸਮਾਗਮ ਵਿੱਚ ਹਿੱਸਾ ਲਿਆ। ਰਾਸ਼ਟਰਪਤੀ ਨੇ ਕਿਹਾ ਕਿ ਅਲਜੀਰੀਆ ਵਿੱਚ ਭਾਰਤੀ ਭਾਈਚਾਰਾ ਭਾਰਤ ਦੇ ਹਿੱਤਾਂ ਨੂੰ ਅੱਗੇ ਵਧਾ ਰਿਹਾ ਹੈ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁਰਮੂ ਨੇ ਕਿਹਾ, ‘1.4 ਅਰਬ ਭਾਰਤੀਆਂ ਦੇ ਸਮੂਹਿਕ ਯਤਨਾਂ ਨਾਲ ਅਸੀਂ ਉਮੀਦਾਂ ਦੀ ਨਵੀਂ ਯਾਤਰਾ ’ਤੇ ਚੱਲ ਰਹੇ ਹਾਂ। ਭਾਰਤ ਤੇਜ਼ੀ ਨਾਲ ਵਿਕਾਸ ਦੇ ਰਾਹ ’ਤੇ ਵਧ ਰਿਹਾ ਹੈ। ਅਲਜੀਰੀਆ ਅਤੇ ਵਿਦੇਸ਼ਾਂ ਵਿੱਚ ਸਾਡੇ ਭਾਰਤੀ ਭਾਈਚਾਰੇ ਦੀ ਸਦਭਾਵਨਾ ਅਤੇ ਸਮਰਥਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।