ਉਮਰ ਅਬਦੁੱਲਾ ਭਲਕੇ ਲੈਣਗੇ ਮੁੱਖ ਮੰਤਰੀ ਅਹੁਦੇ ਦਾ ਹਲਫ਼

ਸ੍ਰੀਨਗਰ-ਉਪ ਰਾਜਪਾਲ ਮਨੋਜ ਸਿਨਹਾ ਨੇ ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਪਹਿਲੇ ਮੁੱਖ ਮੰਤਰੀ ਵਜੋਂ 16 ਅਕਤੂਬਰ ਨੂੰ ਹਲਫ਼ ਲੈਣ ਦਾ ਸੱਦਾ ਭੇਜਿਆ ਹੈ। ਕੇਂਦਰ ਵੱਲੋਂ ਜੰਮੂ ਕਸ਼ਮੀਰ ’ਚ ਰਾਸ਼ਟਰਪਤੀ ਰਾਜ ਹਟਾਏ ਜਾਣ ਦੇ ਇਕ ਦਿਨ ਮਗਰੋਂ ਉਪ ਰਾਜਪਾਲ ਨੇ ਸਰਕਾਰ ਬਣਾਉਣ ਦਾ ਸੱਦਾ ਭੇਜਿਆ ਹੈ। ਸਿਨਹਾ ਵੱਲੋਂ ਲਿਖੇ ਪੱਤਰ ਮੁਤਾਬਕ ਹਲਫ਼ਦਾਰੀ ਸਮਾਗਮ 16 ਅਕਤੂਬਰ ਨੂੰ ਸਵੇਰੇ ਸਾਢੇ 11 ਵਜੇ ਸ੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਕਨਵੈਨਸ਼ਨ ਸੈਂਟਰ ’ਚ ਹੋਵੇਗਾ। ਉਮਰ ਅਬਦੁੱਲਾ ਨੇ ‘ਐਕਸ’ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਪ ਰਾਜਪਾਲ ਮਨੋਜ ਸਿਨਹਾ ਦੇ ਪ੍ਰਿੰਸੀਪਲ ਸਕੱਤਰ ਨੇ ਸਰਕਾਰ ਬਣਾਉਣ ਦੇ ਸੱਦੇ ਵਾਲਾ ਪੱਤਰ ਸੌਂਪਿਆ ਹੈ।