ਕੈਲੀਫੋਰਨੀਆ –ਅਮਰੀਕਾ ਵਿੱਚ ਇਸ ਸਾਲ ਨਵੰਬਰ ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇਸ ਸਬੰਧੀ ਸਿਆਸੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਰਿਪਬਲਿਕਨ ਨੇਤਾ ਵਜੋਂ ਚੋਣ ਲੜ ਰਹੇ ਡੋਨਾਲਡ ਟਰੰਪ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ।
ਰਿਵਰਸਾਈਡ ਕਾਉਂਟੀ ਸ਼ੈਰਿਫ ਵਿਭਾਗ ਅਨੁਸਾਰ, ਟਰੰਪ ਸ਼ਨੀਵਾਰ ਨੂੰ ਕੈਲੀਫੋਰਨੀਆ ਦੇ ਕੋਚੇਲਾ ਵਿੱਚ ਇੱਕ ਮੁਹਿੰਮ ਰੈਲੀ ਕਰਨ ਵਾਲੇ ਸਨ। ਰੈਲੀ ਵਾਲੀ ਥਾਂ ਨੇੜਿਓਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਵਿਅਕਤੀ ‘ਤੇ ਗੈਰ-ਕਾਨੂੰਨੀ ਤੌਰ ‘ਤੇ ਲੋਡਡ ਬੰਦੂਕ ਅਤੇ ਉੱਚ ਸਮਰੱਥਾ ਵਾਲੇ ਕਾਰਤੂਸ ਮੈਗਜ਼ੀਨ ਰੱਖਣ ਦਾ ਦੋਸ਼ ਹੈ।
ਪੁਲਿਸ ਨੇ ਦੱਸਿਆ ਕਿ ਸ਼ੱਕੀ, ਜਿਸ ਦੀ ਪਛਾਣ ਵੇਮ ਮਿਲਰ ਵਜੋਂ ਹੋਈ ਸੀ, ਨੂੰ ਪੁਲਿਸ ਨੇ ਰੈਲੀ ਦੇ ਪ੍ਰਵੇਸ਼ ਦੁਆਰ ਤੋਂ ਲਗਪਗ ਅੱਧਾ ਮੀਲ ਦੂਰ ਇੱਕ ਚੌਕੀ ‘ਤੇ ਰੋਕਿਆ ਸੀ।
ਰਿਵਰਸਾਈਡ ਕਾਉਂਟੀ ਸ਼ੈਰਿਫ ਚੈਡ ਬਿਆਂਕੋ ਨੇ ਕਿਹਾ, “ਅਸੀਂ ਸੰਭਾਵਤ ਤੌਰ ‘ਤੇ ਇੱਕ ਹੋਰ ਕਤਲ ਦੀ ਕੋਸ਼ਿਸ਼ ਨੂੰ ਰੋਕਿਆ ਹੈ।” ਉਨ੍ਹਾਂ ਅੱਗੇ ਕਿਹਾ ਕਿ ਵੇਮ ਮਿਲਰ ਟਰੰਪ ਦੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਸਨ।
ਜਦੋਂ ਲਾਸ ਵੇਗਾਸ ਨਿਵਾਸੀ 49 ਸਾਲਾ ਸ਼ੱਕੀ ਨੂੰ ਅਧਿਕਾਰੀਆਂ ਨੇ ਫੜਿਆ ਤਾਂ ਉਸ ਕੋਲ ਨਾ ਸਿਰਫ ਬੰਦੂਕਾਂ ਸਨ, ਸਗੋਂ ਉਸ ਕੋਲ ਜਾਅਲੀ ਪ੍ਰੈਸ ਆਈਡੀ ਅਤੇ ਵੀਆਈਪੀ ਪਾਸ ਵੀ ਸਨ। ਸ਼ੱਕੀ ਕਾਲੇ ਰੰਗ ਦੀ SUV ਚਲਾ ਰਿਹਾ ਸੀ ਜਿਸ ਨੂੰ ਟਰੰਪ ਦੀ ਰੈਲੀ ਦੇ ਬਾਹਰ ਸੁਰੱਖਿਆ ਚੌਕੀ ‘ਤੇ ਰੋਕਿਆ ਗਿਆ ਸੀ।