ਵੱਖ-ਵੱਖ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਉਂਦਾ ਰਾਣਾ ਜੰਗ ਬਹਾਦਰ

ਪਾਲੀਵੁੱਡ-ਬਾਲੀਵੁੱਡ ਅਤੇ ਹਾਲੀਵੁੱਡ ਨੂੰ ਕਈ ਨਾਮਵਰ ਕਲਾਕਾਰ ਦਿੱਤੇ ਹਨ। ਜ਼ਿਲ੍ਹਾ ਸੰਗਰੂਰ ਦੇ ਪਿੰਡ ਅਮਰਗੜ੍ਹ ਦਾ ਜੰਮਪਲ ਰਾਣਾ ਜੰਗ ਬਹਾਦਰ (Rana Jung Bahadur) ਅਦਾਕਾਰੀ ਦੇ ਖੇਤਰ ’ਚ ਅਜਿਹਾ ਨਾਂ ਹੈ, ਜਿਸ ਨੇ ਵੱਡੀ ਘਾਲਣਾ ਘਾਲ ਕੇ ਖ਼ੁਦ ਨੂੰ ਸਫਲਤਾ ਦੇ ਇਸ ਮੁਕਾਮ ’ਤੇ ਲਿਆ ਖੜ੍ਹਾ ਕੀਤਾ ਹੈ। ਆਪਣੀ ਦਮਦਾਰ ਅਦਾਕਾਰੀ ਨਾਲ ਪਰਦੇ ’ਤੇ ਵੱਖ-ਵੱਖ ਕਿਰਦਾਰਾਂ ਨੂੰ ਸਜੀਵ ਕਰਨ ਵਾਲਾ ਰਾਣਾ ਜੰਗ ਬਹਾਦਰ ਛੋਟੇ ਤੇ ਵੱਡੇ ਪਰਦੇ ਦਾ ਵੱਡਾ ਅਦਾਕਾਰ ਹੈ। ਧਾਰਮਿਕ ਲੜੀਵਾਰ ‘ਮਹਾਭਾਰਤ’ ’ਚ ਨਿਭਾਈ ਅਹਿਮ ਭੂਮਿਕਾ ਨਾਲ ਉਹ ਕਰੋੜਾਂ ਲੋਕਾਂ ਦੇ ਦਿਲਾਂ ’ਚ ਵਸਿਆ ਹੋਇਆ ਹੈ। ਇਹ ਉਨ੍ਹਾਂ ਦਿਨਾਂ ਦੀਆਂ ਗੱਲਾਂ ਹਨ, ਜਦੋਂ ਨਾ ਤਾਂ ਕੇਬਲ ਹੁੰਦੀ ਸੀ ਤੇ ਨਾ ਅੱਜ ਵਾਂਗ ਘਰ-ਘਰ ਟੈਲੀਵਿਜ਼ਨ।

ਬਚਪਨ ’ਚ ਰਾਣਾ ਜੰਗ ਬਹਾਦਰ ਫਿਲਮਾਂ ਦੇਖਦਿਆਂ ਸੋਚਦਾ ਹੁੰਦਾ ਸੀ ਕਿ ਫਿਲਮਾਂ ’ਚ ਕਿਵੇਂ ਆਇਆ ਜਾਂਦਾ ਹੈ। ਇਸ ਜਨੂੰਨ ਨੂੰ ਨਾਲ ਲੈ ਕੇ ਉਹ ਅਦਾਕਾਰ ਬਣਨ ਦੇ ਸੁਪਨੇ ਲੈਣ ਲੱਗ ਪਿਆ। ਫਿਰ ਮਲੇਰਕੋਟਲੇ ਆ ਕੇ ਉਸ ਨੂੰ ਗਾਇਕੀ ਨਾਲ ਜੁੜਨ ਦਾ ਮੌਕਾ ਮਿਲਿਆ। ਸੰਗੀਤ ਦੀ ਕਲਾ ’ਚ ਕਦਮ ਰੱਖ ਕੇ ਸਟੇਜਾਂ ਕਰਨ ਦਾ ਮੌਕਾ ਮਿਲਿਆ। ਮਲੇਰਕੋਟਲੇ ਤੋਂ ਬੀਏ ਕੀਤੀ। ਫਿਰ ਜਦੋਂ ਐੱਮਏ ਦੀ ਪੜ੍ਹਾਈ ਕਰਨ ਲਈ ਯੂਨੀਵਰਸਿਟੀ ਪਹੁੰਚਿਆ ਤਾਂ ਪਤਾ ਚੱਲਿਆ ਕਿ ਇੱਥੇ ਡਰਾਮੇ ਦਾ ਕੋਰਸ ਵੀ ਕਰਵਾਇਆ ਜਾਂਦਾ ਹੈ। ਆਪਣੀ ਕਲਾ ਦਾ ਸੁਪਨਾ ਪੂਰਾ ਹੁੰਦਿਆਂ ਦੇਖ ਇੱਥੇ ਹੀ ਉਸ ਨੇ ਦਾਖ਼ਲਾ ਲੈ ਲਿਆ।

ਪੰਜਾਬ ਤੋਂ ਮੁੰਬਈ ਜਾ ਕੇ ਫਿਲਮਾਂ ’ਚ ਕੰਮ ਕਰਨ ਵਾਲੇ ਜਨੂੰਨ ਨੂੰ ਰਾਣਾ ਜੰਗ ਬਹਾਦਰ ਨੇ ਆਪਣੇ ਤਨ ’ਤੇ ਹੰਢਾਉਂਦਿਆਂ ਸਫ਼ਰ ਦਾ ਹਰ ਪੰਨਾ ਸੁਨਹਿਰੀ ਬਣਾਇਆ ਹੈ। ਮੁੰਬਈ ਫਿਲਮ ਨਗਰੀ ਦੇ ਹਰ ਮੋੜ ਤੋਂ ਗੁਜ਼ਰਦਿਆਂ ਫਿਲਮਾਂ ਦੀਆਂ ਕਹਾਣੀਆਂ ਤੋਂ ਇਲਾਵਾ ਬਾਲੀਵੁੱਡ ਤੇ ਪਾਲੀਵੁੱਡ ਫਿਲਮ ਇੰਡਸਟਰੀ ਦੀਆਂ ਵੀ ਕਈ ਕਹਾਣੀਆਂ ਉਸ ਨੇ ਵੇਖੀਆਂ ਹਨ। ਸਫ਼ਰ ਦੀਆਂ ਕੁਝ ਘਟਨਾਵਾਂ ਉਸ ਨੂੰ ਅੱਜ ਵੀ ਕਿਸੇ ਫਿਲਮ ਦੇ ਸੀਨ ਵਾਂਗ ਲੱਗਦੀਆਂ ਹਨ। ਦਮਦਾਰ ਆਵਾਜ਼ ਦੇ ਮਾਲਕ ਰਾਣਾ ਜੰਗ ਬਹਾਦਰ ਨੇ ਛੋਟੇ ਪਰਦੇ ’ਤੇ ਧਾਰਮਿਕ ਸੀਰੀਅਲ ਮਹਾਭਾਰਤ ਤੋਂ ਲੈ ਕੇ 35-40 ਦੇ ਕਰੀਬ ਹਿੰਦੀ ਸੀਰੀਅਲਾਂ ’ਚ ਕੰਮ ਕੀਤਾ ਹੈ।

ਇੰਨਾ ਹੀ ਨਹੀਂ, ਅਦਾਕਾਰ ਨਾਲ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਰਾਣਾ ਜੰਗ ਬਹਾਦਰ ਨੂੰ ਸਾਹਿਤ ਨਾਲ ਵੀ ਅੰਤਾਂ ਦਾ ਮੋਹ ਹੈ। ਉਸ ਦਾ ਕਹਿਣਾ ਹੈ ਕਿ ਸਾਹਿਤ ਕੌਮ ਤੇ ਵਿਰਾਸਤ ਦੀ ਪਛਾਣ ਕਰਵਾਉਂਦਾ ਹੈ। ਉਸ ਨੇ ‘ਬੋਦੀ ਵਾਲਾ ਤਾਰਾ’ ਪਲੇਅ ਨੂੰ ਕਿਤਾਬ ਰਾਹੀਂ ਪ੍ਰਕਾਸ਼ਿਤ ਕਰਵਾ ਕੇ ਪਾਠਕਾਂ ’ਚ ਵੀ ਪਛਾਣ ਬਣਾਈ ਹੈ। ਫਿਲਮ ਨਿਰਮਾਣ ਦੇ ਖੇਤਰ ’ਚ ਬਤੌਰ ਨਿਰਮਾਤਾ ਪੰਜਾਬੀ ਫਿਲਮ ‘ਪਤਾ ਨੀਂ ਰੱਬ ਕਿਹੜਿਆਂ ਰੰਗਾਂ ’ਚ ਰਾਜ਼ੀ’ ਨਾਲ ਕਦਮ ਰੱਖਿਆ। ਉਸ ਨੇ ਹਰ ਕਿਰਦਾਰ ਨੂੰ ਰੂਹ ਨਾਲ ਨਿਭਾਇਆ ਹੈ। ਮੁੰਬਈ ਰਹਿਕੇ ਉਸ ਨੂੰ ਪਹਿਲਾਂ ਛੋਟੇ-ਛੋਟੇ ਰੋਲ ਕਰਨ ਦਾ ਮੌਕਾ ਮਿਲਿਆ। ਲੰਮੇ ਸੰਘਰਸ਼ ਤੋਂ ਬਾਅਦ ਬਾਲੀਵੁੱਡ ਦੇ ਨਾਮਵਰ ਨਿਰਦੇਸ਼ਕ ਜੇਪੀ ਦੱਤਾ ਦੀ ਸਾਲ 1988 ’ਚ ਰਿਲੀਜ਼ ਹੋਈ ਹਿੰਦੀ ਫਿਲਮ ‘ਯਤੀਮ’ ਵਿਚ ਸੰਨੀ ਦਿਓਲ ਤੇ ਫਰ੍ਹਾ ਨਾਜ਼ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਫਿਰ ਜੇਪੀ ਦੱਤਾ ਦੀ ‘ਹਥਿਆਰ’ ਫਿਲਮ ਵੀ ਕੀਤੀ। ਹੁਣ ਤਕ ਉਸ ਨੇ ਬਾਲੀਵੁੱਡ ਦੀਆਂ 150 ਦੇ ਕਰੀਬ ਹਿੰਦੀ ਦੀਆਂ ਸੁਪਰਹਿੱਟ ਫਿਲਮਾਂ ‘ਰੋਟੀ ਕੀ ਕੀਮਤ’, ’ਫੂਲ ਔਰ ਕਾਂਟੇ’, ‘ਕੱਲ੍ਹ ਕੀ ਆਵਾਜ਼’, ’ਬੇਤਾਜ਼ ਬਾਦਸ਼ਾਹ’, ਨਾਰਾਜ਼, ਦੂਲਹੇ ਰਾਜਾ, ਹਮਾਰਾ ਦਿਲ ਆਪ ਕੇ ਪਾਸ ਹੈ, ਦੀਵਾਨਗੀ, ਅਜਬ ਪ੍ਰੇਮ ਕੀ ਅਜਬ ਕਹਾਣੀ, ‘ਹਥਿਆਰ’, ‘ਅੱਖੀਓਂ ਸੇ ਗੋਲੀ ਮਾਰੇ’, ਬਟਵਾਰਾ’, ‘ਡੁਪਲੀਕੇਟ’, ‘ਤਰਾਜ਼ੂ’, ‘ਗੁੰਡਾ’, ‘ਵਾਹ ਤੇਰਾ ਕਿਆ ਕਹਿਨਾ’, ‘ਦੇਸ਼ ਦਰੋਹੀ’, ‘ਏਕ ਸੇ ਬੜ ਕਰ ਏਕ’, ‘ਫਟਾ ਪੋਸਟਰ’, ‘ਧਮਾਲ’, ‘ਹੀਰਾ ਲਾਲ ਪੰਨਾ ਲਾਲ’, ‘ਤਹਿਖ਼ਾਨਾ’, ‘ਹਮਾਰਾ ਦਿਲ ਆਪ ਕੇ ਪਾਸ’, ‘ਇਨਸਾਫ’ ਆਦਿ ਫਿਲਮਾਂ ’ਚ ਯਾਦਗਾਰੀ ਭੂਮਿਕਾ ਨਿਭਾਈ ਹੈ।

ਨੈਸ਼ਨਲ ਐਵਾਰਡ ਜੇਤੂ ਪੰਜਾਬੀ ਫਿਲਮ ‘ਚੰਨ ਪ੍ਰਦੇਸੀ’ ਪੰਜਾਬੀ ਫਿਲਮ ਨਾਲ ਐਂਟਰੀ ਕਰ ਕੇ ਉਸ ਨੇ ‘ਮੌਲਾ ਜੱਟ’, ‘ਜੀਜਾ ਸਾਲੀ’, ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’, ‘ਜੱਟ ਦਾ ਗੰਡਾਸਾ’, ‘ਜੱਟ ਐਂਡ ਜੂਲੀਅਟ’, ‘ਭਾਜੀ ਇਨ ਪ੍ਰੋਬਲਮ’, ‘ਫੈਮਿਲੀ 420’, ‘ਸਰਦਾਰ ਮੁਹੰਮਦ’, ‘ਅਫ਼ਸਰ’, ‘ਕਪਤਾਨ’, ‘ਅੰਬਰਸਰੀਆ’, ‘ਕਬੱਡੀ ਵਨਸ ਅਗੇਨ’, ‘ਠੱਗ ਲਾਈਫ਼’, ਪਿੰਕੀ ਮੋਗੇ ਵਾਲੀ’, ‘ਮੰਜੇ ਬਿਸਤਰੇ’, ‘ਅਰਦਾਸ ਕਰਾਂ’, ‘ਬਲੈਕੀਆ’, ‘ਡਾਕਾ’, ‘ਬੀਬੀ ਰਜਨੀ’ ਅਤੇ ‘ਅਰਦਾਸ ਸਰਬੱਤ ਦੇ ਭਲੇ ਦੀ’ ਫਿਲਮਾਂ ’ਚ ਵਿਲੱਖਣ ਅਦਾਕਾਰੀ ਨਾਲ ਆਪਣੇ ਪ੍ਰਸ਼ੰਸਕਾਂ ਦਾ ਘੇਰਾ ਵਿਸ਼ਾਲ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਦਰਸ਼ਕ ਜਲਦ ਨਵੀਆਂ ਆ ਰਹੀਆਂ ਫਿਲਮਾਂ ’ਚ ਉਸ ਨੂੰ ਵੱਖਰੇ-ਵੱਖਰੇ ਕਿਰਦਾਰ ਵਿਚ ਦੇਖਣਗੇ।

ਥੀਏਟਰ ਨਾਲ ਜੁੜ ਕੇ ਇਸ ਰਿਸ਼ਤੇ ਨੂੰ ਏਨਾ ਮਜ਼ਬੂਤ ਕੀਤਾ ਕਿ ਉਸ ਨੇ ਬਲਵੰਤ ਗਾਰਗੀ, ਸੁਰਜੀਤ ਸਿੰਘ ਸੇਠੀ, ਡਾ.ਹਰਚਰਨ ਸਿੰਘ, ਰਾਮ ਗੋਪਾਲ ਬਜਾਜ ਆਦਿ ਨਾਮਵਰ ਨਾਟਕ ਨਿਰਦੇਸ਼ਕਾਂ ਨਾਲ ਕਈ ਸਾਲ ਕੰਮ ਕੀਤਾ। ਉਸ ਦੀਆਂ ਲਿਖੀਆਂ ਦੋ ਪੁਸਤਕਾਂ ‘ਬੋਦੀ ਵਾਲਾ ਤਾਰਾ’ ਅਤੇ ‘ਚੰਨ ਦਾਗ਼ੀ’ ਲੋਕ ਅਰਪਣ ਹੋਈਆਂ ਹਨ। ਕਿਸਮਤ ਦੇ ਧਨੀ ਰਾਣਾ ਜੰਗ ਬਹਾਦਰ ਨੇ ਉੱਚ ਵਿੱਦਿਆ ਪ੍ਰਾਪਤ ਕਰ ਕੇ ਉੱਚ ਅਹੁਦੇ ਦੀ ਨੌਕਰੀ ਵੀ ਕੀਤੀ ਪਰ ਮਨ ’ਚ ਅਦਾਕਾਰ ਬਣਨ ਦੇ ਸੁਪਨੇ ਨੂੰ ਲੈ ਕੇ ਅਸਤੀਫ਼ਾ ਵੀ ਹਮੇਸ਼ਾ ਜੇਬ ’ਚ ਨਾਲ ਰੱਖਿਆ।