ਅਗਲੇ ਮਹੀਨੇ ਟੈਨਿਸ ਨੂੰ ਅਲਵਿਦਾ ਕਹੇਗਾ ਰਫੇਲ ਨਡਾਲ

ਮੈਡਰਿਡ: 22 ਵਾਰ ਦੇ ਗਰੈਂਡਸਲੈਮ ਚੈਂਪੀਅਨ ਰਫੇਲ ਨਡਾਲ ਨੇ ਅੱਜ ਇੱਥੇ ਐਲਾਨ ਕੀਤਾ ਕਿ ਉਹ ਅਗਲੇ ਮਹੀਨੇ ਹੋਣ ਵਾਲੇ ਡੇਵਿਸ ਕੱਪ ਫਾਈਨਲਜ਼ ਮਗਰੋਂ ਟੈਨਿਸ ਨੂੰ ਅਲਵਿਦਾ ਕਹਿ ਦੇਵੇਗਾ। ਸਪੇਨ ਦੇ ਨਡਾਲ ਨੇ ਸੋਸ਼ਲ ਮੀਡੀਆ ’ਤੇ ਇਹ ਐਲਾਨ ਕੀਤਾ ਹੈ। ਉਸ ਨੇ ਸੰਕੇਤ ਦਿੱਤਾ ਕਿ ਉਸ ਨੇ ਇਹ ਫ਼ੈਸਲਾ ਲਗਾਤਾਰ ਸੱਟਾਂ ਕਾਰਨ ਲਿਆ ਹੈ। ਨਡਾਲ ਨੇ ਕਿਹਾ, ‘ਮੈਂ ਇਸ ਤਸੱਲੀ ਨਾਲ ਜਾਵਾਂਗਾ ਕਿ ਮੈਂ ਆਪਣੀ ਤਰਫ਼ੋਂ ਪੂਰੀ ਕੋਸ਼ਿਸ਼ ਕੀਤੀ ਅਤੇ ਆਪਣਾ ਸਰਵੋਤਮ ਦਿੱਤਾ। ਇਹ ਮੁਸ਼ਕਲ ਫ਼ੈਸਲਾ ਸੀ, ਜਿਸ ਨੂੰ ਲੈਣ ’ਚ ਮੈਨੂੰ ਕੁੱਝ ਸਮਾਂ ਲੱਗਿਆ ਪਰ ਜੀਵਨ ’ਚ ਹਰ ਚੀਜ਼ ਦੀ ਸ਼ੁਰੂਆਤ ਅਤੇ ਅੰਤ ਹੁੰਦਾ ਹੈ।’ ਡੇਵਿਸ ਕੱਪ ਫਾਈਨਲਜ਼ ਸਪੇਨ ਦੇ ਮਾਲਾਗਾ ਵਿੱਚ 19 ਨਵੰਬਰ ਨੂੰ ਖੇਡਿਆ ਜਾਵੇਗਾ।