ਸ੍ਰੀ ਮੁਕਤਸਰ ਸਾਹਿਬ-ਪੰਚਾਇਤ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰਨ ਦੇ ਰੋਸ ਵਜੋਂ ਅਕਾਲੀ ਦਲ ਵੱਲੋਂ ਗਿੱਦੜਬਾਹਾ ਵਿਚ ਮੁਜ਼ਾਹਰਾ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਧੱਕੇਸ਼ਾਹੀਆਂ ਦੀ ਘੱਟ ਗੱਲ ਕੀਤੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੀਤੇ ਕੰਮਾਂ ਦੇ ਸੋਹਲੇ ਜ਼ਿਆਦਾ ਗਾਏ। ਉਨ੍ਹਾਂ ਵਾਰ-ਵਾਰ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਗਿੱਦੜਬਾਹਾ ਖੇਤਰ ਨੂੰ ਕੱਖਾਂ ਤੋਂ ਲੱਖਾਂ ਦਾ ਬਣਾਇਆ।
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ ਰਾਜ ਵਿੱਚ ਕੋਈ ਗੁੰਡਾਗਰਦੀ ਨਹੀਂ ਸੀ ਹੁੰਦੀ ਹੁਣ ਤਾਂ ਗੈਂਗਸਟਰਾਂ ਦਾ ਰਾਜ ਹੈ। ਉਨ੍ਹਾਂ ਲੋਕਾਂ ਨੂੰ ਉਲਾਂਭਾ ਦਿੱਤਾ ਕਿ ਇਹ ਗਲਤ ਫੈਸਲਾ ਉਨ੍ਹਾਂ ਖੁਦ ਕੀਤਾ ਹੈ। ਉਨ੍ਹਾਂ ‘ਵੱਡੇ ਬਾਦਲ’ ਦੇ ਗੁਣ ਗਾਉਂਦੇ ਕਿਹਾ ਕਿ ‘ਬਾਦਲ ਸਾਹਿਬ’ ਨੇ ਹਰ ਘਰ ਟਿਊਬਵੈਲ ਕੁਨੈਕਸ਼ਨ ਦਿੱਤੇ, ਕੱਸੀਆਂ, ਮੋਘੇ ਲਾਏ, ਸੇਮ ਖਤਮ ਕੀਤੀ। ਗਿੱਦੜਬਾਹਾ ਹਲਕੇ ’ਚ ਸੜਕਾਂ, ਸਕੂਲ, ਧਰਮਸ਼ਾਲਾ, ਮੰਡੀਆਂ ਸਭ ਕੁੱਝ ਬਾਦਲ ਸਰਕਾਰ ਦੀ ਦੇਣ ਹੈ। ਉਨ੍ਹਾਂ ਵਾਰ-ਵਾਰ ਅਕਾਲੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਉਨ੍ਹਾਂ ਤੀਹ ਸਾਲ ਦੀ ਸਿਆਸਤ ’ਚ ਬਹੁਤ ਧੱਕੇ ਵੇਖੇ ਹਨ ਪਰ ਜਿੰਨਾ ਧੱਕਾ ਗਿੱਦੜਬਾਹਾ ਹਲਕੇ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਉਹ ਸਾਰੇ ਹੱਦਾਂ ਬੰਨ੍ਹੇ ਟੱਪ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਸ ਦੇ ਵੀ ਕਾਗਜ਼ ਰੱਦ ਹੋਏ ਹਨ ਉਹ ਗਿੱਦੜਬਾਹਾ ਦਫਤਰ ਵਿੱਚ ਜਮ੍ਹਾਂ ਕਰਵਾ ਦੇਣ, ਉਨ੍ਹਾਂ ਦਾ ਬਿਨਾਂ ਖਰਚਾ ਅਕਾਲੀ ਦਲ ਰਿੱਟ ਦਾਖਲ ਕਰੇਗਾ।