ਜੰਮੂ –ਹਾਲ ਹੀ ‘ਚ ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ (Jammu Kashmir Election Result) ਦੇ ਨਤੀਜੇ ਆਏ ਹਨ ਜਿਸ ਵਿਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦੇ ਗਠਜੋੜ ਨੂੰ 48 ਸੀਟਾਂ ਮਿਲੀਆਂ ਹਨ। ਜਦਕਿ ਭਾਜਪਾ ਨੂੰ 29 ਸੀਟਾਂ ਮਿਲੀਆਂ ਹਨ। ਆਮ ਆਦਮੀ ਪਾਰਟੀ ਨੇ ਜੰਮੂ-ਕਸ਼ਮੀਰ ‘ਚ ਵੀ ਇੱਕ ਸੀਟ ਜਿੱਤੀ ਹੈ।
ਡੋਡਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿਰਾਜ ਮਲਿਕ ਨੇ ਜਿੱਤ ਦਰਜ ਕੀਤੀ ਹੈ। ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ (AAP) ਨੇ ਨੈਸ਼ਨਲ ਕਾਨਫਰੰਸ (NC) ਨੂੰ ਆਪਣਾ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਆਮ ਆਦਮੀ ਪਾਰਟੀ ਨੇ ਐਨਸੀ ਦਾ ਸਮਰਥਨ ਕਰਨ ਵਾਲਾ ਪੱਤਰ ਉਪ ਰਾਜਪਾਲ ਨੂੰ ਸੌਂਪਿਆ ਹੈ।
ਡੋਡਾ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿਰਾਜ ਮਲਿਕ 4538 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਨੂੰ ਕੁੱਲ 23228 ਵੋਟਾਂ ਮਿਲੀਆਂ। ਮਹਿਰਾਜ ਮਲਿਕ ਨੇ ਭਾਰਤੀ ਜਨਤਾ ਪਾਰਟੀ ਦੇ ਗਜੈ ਸਿੰਘ ਰਾਣਾ ਨੂੰ ਹਰਾਇਆ ਹੈ। ਭਾਜਪਾ ਦੇ ਗਜੈ ਸਿੰਘ ਰਾਣਾ ਨੂੰ 18690 ਵੋਟਾਂ ਮਿਲੀਆਂ।
ਜੰਮੂ-ਕਸ਼ਮੀਰ ‘ਚ 10 ਸਾਲ ਬਾਅਦ ਵਿਧਾਨ ਸਭਾ ਚੋਣਾਂ ‘ਚ ਐਨਸੀ-ਕਾਂਗਰਸ ਗਠਜੋੜ ਨੇ ਜਿੱਤ ਹਾਸਲ ਕੀਤੀ ਹੈ। ਨੈਸ਼ਨਲ ਕਾਨਫਰੰਸ ਨੂੰ 42 ਤੇ ਕਾਂਗਰਸ ਨੂੰ 6 ਸੀਟਾਂ ਮਿਲੀਆਂ ਹਨ ਜਦੋਂਕਿ ਭਾਰਤੀ ਜਨਤਾ ਪਾਰਟੀ ਨੇ 29 ਅਤੇ ਪੀਡੀਪੀ ਨੇ 3 ਸੀਟਾਂ ਜਿੱਤੀਆਂ ਹਨ। ਸੱਤ ਸੀਟਾਂ ਆਜ਼ਾਦ ਉਮੀਦਵਾਰਾਂ ਨੂੰ ਪਈਆਂ ਹਨ। ਆਮ ਆਦਮੀ ਪਾਰਟੀ ਅਤੇ ਜੇਪੀਸੀ ਨੂੰ ਇੱਕ-ਇੱਕ ਸੀਟ ਮਿਲੀ ਹੈ।
ਵੀਰਵਾਰ ਨੂੰ ਹੋਈ ਬੈਠਕ ‘ਚ ਨੈਸ਼ਨਲ ਕਾਨਫਰੰਸ ਦੇ ਵਿਧਾਇਕਾਂ ਨੇ ਉਮਰ ਅਬਦੁੱਲਾ ਨੂੰ ਆਪਣਾ ਨੇਤਾ ਚੁਣ ਲਿਆ ਹੈ। ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਉਮਰ ਅਬਦੁੱਲਾ ਨੇ ਵਿਧਾਇਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਵਿਧਾਇਕਾਂ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੇ ‘ਤੇ ਭਰੋਸਾ ਪ੍ਰਗਟਾਇਆ ਅਤੇ ਮੈਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦਾ ਮੌਕਾ ਦਿੱਤਾ।