ਪਟਿਆਲਾ –ਪੰਚਾਇਤ ਚੋਣਾਂ ਦਾ ਮਾਹੌਲ ਪੂਰੇ ਜਲੌਅ ‘ਤੇ ਹੈ। ਪੰਚੀ-ਸਰਪੰਚੀ ਦੇ ਉਮੀਦਵਾਰਾਂ ਨੇ ਆਪਣੇ-ਆਪਣੇ ਚੋਣ ਪ੍ਰਚਾਰ ਵਿੱਚ ਦਿਨ-ਰਾਤ ਇੱਕ ਕਰ ਰੱਖਿਆ ਹੈ। ਵਾਅਦੇ ਕੀਤੇ ਜਾ ਰਹੇ ਹਨ, ਇਰਾਦੇ ਦੱਸੇ ਜਾ ਰਹੇ ਹਨ। ਅਜਿਹੇ ‘ਚ ਪਟਿਆਲਾ ਦੇ ਪਿੰਡ ਕਲਿਆਣ ਤੋਂ ਸਰਪੰਚੀ ਲਈ ਮੈਦਾਨ ਵਿੱਚ ਗੁਰਦੀਪ ਸਿੰਘ ਗਰੇਵਾਲ ਦੇ ਚੋਣ ਵਾਅਦੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ।
ਬਿਨਾਂ ਕਿਸੇ ਰਾਜਨੀਤਿਕ ਪਿਛੋਕੜ ਤੋਂ ਪਹਿਲੀ ਵਾਰ ਚੋਣ ਮੈਦਾਨ ਵਿੱਚ ਡਟੇ 34 ਸਾਲਾ ਗੁਰਦੀਪ ਨੇ ਆਪਣੇ ਚੋਣ ਵਾਅਦਿਆਂ ਵਿੱਚ ਹਰ ਵਰਗ ਨੂੰ ਧਿਆਨ ਵਿੱਚ ਰੱਖਿਆ ਹੈ। ਗੁਰਦੀਪ ਮੁਤਾਬਕ ਪਿੰਡ ਦੇ ਮੁੱਦਿਆਂ ਤਾਂ ਹੱਲ ਕਰਨੇ ਹੀ ਹਨ, ਲੇਕਿਨ ਸਭ ਤੋਂ ਵੱਡੀ ਗੱਲ ਪਿੰਡ ਦੇ ਨੌਜਵਾਨਾਂ ਨੂੰ ਨ਼ਸ਼ਿਆਂ ਤੋਂ ਬਚਾਕੇ ਉਨ੍ਹਾਂ ਨੂੰ ਪਿੰਡ ਵਿੱਚ ਹੀ ਰੁਜ਼ਗਾਰ ਉਪਲਬੱਧ ਕਰਵਾਉਣਾ ਹੈ। ਗੁਰਦੀਪ ਨੇ ਵਾਅਦਾ ਕੀਤਾ ਹੈ ਕਿ ਉਹ ਵਿਦੇਸ਼ ਵੱਸ ਚੁੱਕੇ ਪਿੰਡ ਵਾਸੀਆਂ ਦੀ ਮਦਦ ਨਾਲ ਪਿੰਡ ਵਿੱਚ ਇੱਕ ਮੱਧਮ ਆਕਾਰ ਦੀ ਫੈਕਟਰੀ ਲਗਵਾਏਗਾ, ਜਿਸ ਰਾਹੀਂ ਪਿੰਡ ਦੇ 50 ਦੇ ਕਰੀਬ ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਨੌਜਵਾਨਾਂ ਨੂੰ ਨਸ਼ਿਆਂ ਤੇ ਬਾਹਰੀ ਗਲਤ ਅਨਸਰਾਂ ਤੋਂ ਬਚਾਉਣ ਲਈ ਪੂਰੇ ਪਿੰਡ ਨੂੰ ਸੀਸੀਟੀਵੀ ਦੀ ਨਜ਼ਰ ਹੇਠ ਕਰਨ ਦਾ ਵੀ ਉਯ ਨੇ ਵਾਅਦਾ ਕੀਤਾ ਹੈ।
ਪਿੰਡ ਦੇ ਮੁੱਦਿਆਂ ਬਾਰੇ ਗੱਲ ਕਰਦੇ ਹੋਏ ਗੁਰਦੀਪ ਕਹਿੰਦਾ ਹੈ ਕਿ ਨਿਰਵੈਰ, ਨਿਰਭੈ ਤੇ ਨਿਰਲੇਪ ਪੰਚਾਇਤ ਸਥਾਪਿਤ ਕਰਕੇ ਪਿੰਡ ਦੇ ਝਗੜਿਆਂ ਨੂੰ ਪੰਚਾਇਤੀ ਤੌਰ ਤੇ ਹੀ ਨਿਬੇੜਿਆ ਜਾਵੇਗਾ, ਤਾਂ ਜੋ ਪਿੰਡ ਵਾਸੀ ਥਾਣੇ-ਕਚਹਿਰੀਆਂ ਦੇ ਖੱਜਲ-ਖੁਆਰੀ ਤੇ ਖਰਚੇ ਤੋਂ ਬੱਚ ਸਕਣ। ਪਿੰਡ ਨੂੰ ਸਵੱਛ ਰੱਖਣ ਲਈ ਕੂੜਾ ਸੁੱਟਣ ਵਾਸਤੇ ਜਗ੍ਹਾ ਦਾ ਪ੍ਰਬੰਧ ਕਰਕੇ ਕੂੜੇ ਦੇ ਨਿਪਟਾਰੇ ਲਈ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕੀਤਾ ਜਾਵੇਗਾ। ਜਿਨ੍ਹਾਂ ਪਰਿਵਾਰਾਂ ਕੋਲ ਗੋਹੂ ਕੂੜਾ ਸੁੱਟਣ ਲਈ ਜਗ੍ਹਾ ਨਹੀਂ, ਉਨਾਂ ਨੂੰ ਗੁਹਾਰਿਆਂ ਲਈ ਜਗ੍ਹਾ ਦਿੱਤੀ ਜਾਵੇਗੀ। ਜਿਨ੍ਹਾਂ ਪਰਿਵਾਰਾਂ ਕੋਲ ਪਸ਼ੂ ਹਨ ਪਰ ਜਮੀਨ ਨਹੀਂ, ਉਨਾਂ ਨੂੰ ਚਾਰਾ ਬੀਜਣ ਲਈ ਜਮੀਨ ਦੇਣ ਦਾ ਮਤਾ ਪਾਇਆ ਜਾਵੇਗਾ।
ਗੁਰਦੀਪ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਲੋੜਵੰਦ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹ ’ਤੇ 21 ਹਜ਼ਾਰ ਰੁਪਏ ਸ਼ਗਨ ਅਤੇ ਘਰੇਲੂ ਸਮਾਨ ਦਿੱਤਾ ਜਾਵੇਗਾ। 5ਵੀਂ ਤੋਂ 12ਵੀਂ ਕਲਾਸ ਤੱਕ ਪਹਿਲੇ ਸਥਾਨਾਂ ਤੇ ਰਹਿਣ ਵਾਲੇ ਬੱਚਿਆਂ ਨੂੰ ਨਗਦ ਇਨਾਮ ਦੇਣ ਦੀ ਵਿਵਸਥਾ ਕੀਤੀ ਜਾਵੇਗੀ।
ਇੱਕ ਹੋਰ ਨਿਵੇਕਲਾ ਵਾਅਦਾ ਕਰਦੇ ਹੋਏ ਗੁਰਦੀਪ ਨੇ ਕਿਹਾ ਹੈ ਕਿ ਕਿਸੇ ਵੀ ਮੈਡੀਕਲ ਜਾਂ ਹੋਰ ਐਮਰਜੈੰਸੀ ਦੀ ਸਥਿਤੀ ਵਿੱਚ ਪਿੰਡ ਵਾਸੀਆਂ ਦੀ ਮਦਦ ਲਈ ਇੱਕ ਕਾਰ ਹਮੇਸ਼ਾ ਸੋਸਾਇਟੀ ਦੇ ਦਫ਼ਤਰ ਵਿੱਚ ਤੈਨਾਤ ਰੱਖੀ ਜਾਵੇਗੀ।