ਖੂਨ ਦੇ ਧੱਬੇ, ਟੁੱਟੇ ਵਾਲ, ਡੀਐਨਏ ਰਿਪੋਰਟ… ਸੀਬੀਆਈ ਨੂੰ ਮਿਲੇ 11 ਸਬੂਤ ਜਿਸ ਨਾਲ ਸੰਜੇ ਰਾਏ ਫਾਂਸੀ ਮਿਲਣਾ ਤੈਅ

ਕੋਲਕਾਤਾ -ਆਰਜੀ ਕਰ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਸੀਬੀਆਈ ਨੇ ਆਪਣੀ ਚਾਰਜਸ਼ੀਟ ‘ਚ ਦੋਸ਼ੀ ਸੰਜੇ ਰਾਏ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ।

ਸੀਬੀਆਈ ਨੇ 11 ਸਬੂਤ ਪੇਸ਼ ਕੀਤੇ ਹਨ, ਜਿਨ੍ਹਾਂ ਵਿੱਚ ਡੀਐਨਏ ਅਤੇ ਖੂਨ ਦੀ ਰਿਪੋਰਟ ਸ਼ਾਮਲ ਹੈ। ਪੁਲਿਸ ਨੇ ਸੰਜੇ ਰਾਏ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਹੀ ਦੋਸ਼ੀ ਮੰਨਿਆ। ਸੀਬੀਆਈ ਵੀ ਸੰਜੇ ਨੂੰ ਹੀ ਦੋਸ਼ੀ ਮੰਨ ਰਹੀ ਹੈ।

ਸੀਬੀਆਈ ਨੇ ਚਾਰਜਸ਼ੀਟ ‘ਚ ਕਿਹਾ ਕਿ ਦੋਸ਼ੀ ਦੇ ਡੀਐਨਏ ਦੀ ਮੌਜੂਦਗੀ, ਛੋਟੇ ਵਾਲ, ਸਰੀਰ ‘ਤੇ ਸੱਟ ਦੇ ਨਿਸ਼ਾਨ ਅਤੇ ਪੀੜਤਾ ਦੇ ਸਰੀਰ ‘ਤੇ ਖੂਨ ਦੇ ਧੱਬੇ ਮਿਲੇ ਹਨ। ਸੀਸੀਟੀਵੀ ਫੁਟੇਜ ਅਤੇ ਕਾਲ ਡਿਟੇਲ ਰਿਕਾਰਡ ਮੁਤਾਬਕ ਸੰਜੇ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਵੀ ਦੱਸੀ ਗਈ ਹੈ।

ਸੀਬੀਆਈ ਨੇ ਕਿਹਾ ਕਿ ਸੰਜੇ ਰਾਏ ਦੇ ਸਰੀਰ ‘ਤੇ ਝਰੀਟਾਂ ਦੇ ਨਿਸ਼ਾਨ ਹਨ। ਸੰਭਵ ਤੌਰ ‘ਤੇ ਪੀੜਤਾ ਨੇ ਉਸ ਤੋਂ ਬਚਣ ਲਈ ਜੱਦੋ ਜਹਿਦ ਕੀਤੀ ਹੋਵੇਗੀ, ਜਿਸ ਕਾਰਨ ਦੋਸ਼ੀ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ।

ਚਾਰਜਸ਼ੀਟ ‘ਚ ਅੱਗੇ ਕਿਹਾ ਗਿਆ ਹੈ ਕਿ ਦੋਸ਼ੀ 8-9 ਅਗਸਤ ਦੀ ਰਾਤ ਨੂੰ ਵਾਰਦਾਤ ਵਾਲੀ ਥਾਂ ‘ਤੇ ਮੌਜੂਦ ਸੀ। ਸੀਸੀਟੀਵੀ ਫੁਟੇਜ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ। ਉਹ ਹਸਪਤਾਲ ਦੀ ਐਮਰਜੈਂਸੀ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਘਟਨਾ ਵਾਲੀ ਥਾਂ ਦੇ ਨੇੜੇ ਸੀ। ਇਸ ਗੱਲ ਦੀ ਪੁਸ਼ਟੀ ਸੀਡੀਆਰ ਵਿੱਚ ਮਿਲੀ ਉਸ ਦੀ ਮੋਬਾਈਲ ਲੋਕੇਸ਼ਨ ਤੋਂ ਵੀ ਹੁੰਦੀ ਹੈ।

ਜਾਂਚ ਏਜੰਸੀ ਨੇ ਮ੍ਰਿਤਕ ਔਰਤ ਨੂੰ ਚਾਰਜਸ਼ੀਟ ਵਿੱਚ ‘V’ ਨਾਂ ਦਿੱਤਾ ਹੈ। ਇਸ ‘ਚ ਕਿਹਾ ਗਿਆ ਹੈ ਕਿ ਅਟੋਪਸੀ ਦੌਰਾਨ’V’ ਦੇ ਸਰੀਰ ‘ਤੇ ਦੋਸ਼ੀ ਦਾ ਡੀ.ਐੱਨ.ਏ. ਮਿਲਿਆ ਹੈ। ਦੋਸ਼ੀ ਦੀ ਜੀਨਸ ਅਤੇ ਜੁੱਤੀ ‘ਤੇ ਪੀੜਤਾ ਦੇ ਖੂਨ ਦੇ ਧੱਬੇ ਸਨ। ਪੁਲਿਸ ਨੇ ਮੁਲਜ਼ਮਾਂ ਦੇ ਖੁਲਾਸੇ ਤੋਂ ਬਾਅਦ 12 ਅਗਸਤ ਨੂੰ ਇਸ ਨੂੰ ਬਰਾਮਦ ਕਰ ਲਿਆ ਸੀ। ਇਸ ਦੇ ਨਾਲ ਹੀ ਮੌਕੇ ਤੋਂ ਮਿਲੇ ਵਾਲ ਮੁਲਜ਼ਮ ਦੇ ਵਾਲਾਂ ਨਾਲ ਮੇਲ ਖਾਂਦੇ ਹਨ।