ਪੰਚਾਇਤ ਚੋਣਾਂ ’ਚ ਵਿਕਾਸ ਦੇ ਨਾਂ ’ਤੇ ਵੋਟਾਂ ਦੀ ਮੰਗ

ਉਹ ਵਿਕਾਸ ਜਿਸ ਦਾ ਵੋਟਰਾਂ ਨੇ ਕੇਵਲ ਨਾਂ ਹੀ ਸੁਣਿਆ ਹੈ, ਅਸਲ ਵਿਚ ਵੇਖਿਆ ਨਹੀਂ। ਆਮ ਤੌਰ ’ਤੇ ਵੇਖਣ ਵਿਚ ਆਇਆ ਹੈ ਕਿ ਪਿੰਡ ਦੇ ਵਿਕਾਸ ਦੇ ਨਾਂ ’ਤੇ ਪਿੰਡ ਦੀਆਂ ਪਹਿਲਾਂ ਤੋਂ ਹੀ ਬਣੀਆਂ ਹੋਈਆਂ ਗਲੀਆਂ-ਨਾਲੀਆਂ ਨੂੰ ਤੁੜਵਾ ਕੇ ਦੁਬਾਰਾ ਬਣਾ ਦਿੱਤਾ ਜਾਂਦਾ ਹੈ ਜਾਂ ਫਿਰ ਇਕ ਗਲੀ ਵਿੱਚੋਂ ਇੱਟਾਂ ਪੁਟਵਾ ਕੇ ਦੂਸਰੀ ਗਲੀ ਵਿਚ ਲਗਵਾ ਕੇ ਖ਼ਰਚਾ ਪਾ ਦਿੱਤਾ ਜਾਂਦਾ ਹੈ।

ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ ਹੋਣ ਦੇ ਨਾਲ ਹੀ ਪਿੰਡਾਂ ਵਿਚ ਗਹਿਮਾ-ਗਹਿਮੀ ਦਾ ਮਹੌਲ ਹੈ। ਇਹ ਚੋਣਾਂ ਇਸ ਵਾਰ ਮਿੱਥੇ ਸਮੇਂ ਤੋਂ ਦੇਰੀ ਨਾਲ ਹੋਣ ਕਾਰਨ ਵੀ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਮੇਂ ਦੇ ਬਦਲਣ ਨਾਲ ਪਿੰਡਾਂ ਦੇ ਲੋਕ ਵੀ ਜਾਗਰੂਕ ਹੋ ਚੁੱਕੇ ਹਨ ਤੇ ਉਹ ਬਿਨ੍ਹਾਂ ਮਤਦਾਨ ਦੇ ਸਰਬਸੰਮਤੀ ਨਾਲ ਪਿੰਡ ਵਿੱਚੋਂ ਯੋਗ ਉਮੀਦਵਾਰ ਚੁਣਨ ਨੂੰ ਪਹਿਲ ਦੇ ਰਹੇ ਹਨ। ਇਸ ਦੇ ਬਾਵਜੂਦ ਜ਼ਿਆਦਾਤਰ ਪਿੰਡਾਂ ਵਿਚ ਚੋਣਾਂ ਹੋਣੀਆਂ ਤਹਿ ਹਨ।

ਅਜਿਹੇ ਵਿਚ ਬਤੌਰ ਵੋਟਰ ਇਕ ਸਹੀ ਉਮੀਦਵਾਰ ਨੂੰ ਚੁਣਨਾ ਸਾਡੀ ਸਭ ਦੀ ਨਿੱਜੀ ਜ਼ਿੰਮੇਵਾਰੀ ਬਣਦੀ ਹੈ। ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ ਹੋਣ ਦੇ ਨਾਲ ਹੀ ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨ ਉਮੀਦਵਾਰ ਘਰ-ਘਰ ਜਾ ਕੇ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੰਦੇ ਹਨ। ਵੋਟਾਂ ਮੰਗਣ ਦਾ ਆਧਾਰ ਹੁੰਦਾ ਹੈ ਪਿੰਡ ਦਾ ਵਿਕਾਸ। ਵਿਕਾਸ ਦੀ ਡੁਗਡੁਗੀ ਵੋਟਾਂ ਪੈਣ ਵਾਲੇ ਦਿਨ ਤੱਕ ਵੱਜਦੀ ਰਹਿੰਦੀ ਹੈ। ਵੋਟਰਾਂ ਦੇ ਮਨ ਵਿਚ ਵੀ ਪਿੰਡ ਦੇ ਵਿਕਾਸ ਦੀ ਇਕ ਉਮੀਦ ਜਾਗਦੀ ਹੈ।

ਉਹ ਵਿਕਾਸ ਜਿਸ ਦਾ ਵੋਟਰਾਂ ਨੇ ਕੇਵਲ ਨਾਂ ਹੀ ਸੁਣਿਆ ਹੈ, ਅਸਲ ਵਿਚ ਵੇਖਿਆ ਨਹੀਂ। ਆਮ ਤੌਰ ’ਤੇ ਵੇਖਣ ਵਿਚ ਆਇਆ ਹੈ ਕਿ ਪਿੰਡ ਦੇ ਵਿਕਾਸ ਦੇ ਨਾਂ ’ਤੇ ਪਿੰਡ ਦੀਆਂ ਪਹਿਲਾਂ ਤੋਂ ਹੀ ਬਣੀਆਂ ਹੋਈਆਂ ਗਲੀਆਂ-ਨਾਲੀਆਂ ਨੂੰ ਤੁੜਵਾ ਕੇ ਦੁਬਾਰਾ ਬਣਾ ਦਿੱਤਾ ਜਾਂਦਾ ਹੈ ਜਾਂ ਫਿਰ ਇਕ ਗਲੀ ਵਿੱਚੋਂ ਇੱਟਾਂ ਪੁਟਵਾ ਕੇ ਦੂਸਰੀ ਗਲੀ ਵਿਚ ਲਗਵਾ ਕੇ ਖ਼ਰਚਾ ਪਾ ਦਿੱਤਾ ਜਾਂਦਾ ਹੈ। ਆਮ ਵੇਖਣ ਵਿਚ ਆਇਆ ਹੈ ਕਿ ਸਰਪੰਚ ਅਤੇ ਪੰਚ ਦੀ ਚੋਣ ਲੜਨ ਵਾਲੇ ਜ਼ਿਆਦਾਤਰ ਉਮੀਦਵਾਰਾਂ ਦੇ ਪਿੱਛੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਦਾ ਹੱਥ ਹੁੰਦਾ ਹੈ।

ਇਹ ਸਿਆਸੀ ਪਾਰਟੀਆਂ ਆਪਣੀ ਮਰਜ਼ੀ ਮੁਤਾਬਕ ਸਰਪੰਚ ਤੇ ਪੰਚ ਬਣਾਉਦੀਆਂ ਹਨ। ਜੇ ਕੋਈ ਯੋਗ ਵਿਅਕਤੀ ਚੋਣ ਲੜਨੀ ਵੀ ਚਾਹੇ ਤਾਂ ਉਹ ਤਦ ਤੱਕ ਜਿੱਤ ਪ੍ਰਾਪਤ ਨਹੀਂ ਕਰ ਸਕਦਾ ਜਦੋਂ ਤੱਕ ਉਸ ਦੇ ਪਿੱਛੇ ਕਿਸੇ ਸਿਆਸੀ ਆਗੂ ਜਾਂ ਕਿਸੇ ਸਿਆਸੀ ਪਾਰਟੀ ਦਾ ਹੱਥ ਨਾ ਹੋਵੇ। ਕਈ ਵਾਰ ਅਜਿਹੇ ਯੋਗ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਿਆਸੀ ਦਬਾਅ ਦੇ ਚੱਲਦਿਆਂ ਰੱਦ ਕਰਵਾ ਦਿੱਤੇ ਜਾਂਦੇ ਹਨ।

ਇਨ੍ਹਾਂ ਸਿਆਸੀ ਆਗੂਆਂ ਜਾਂ ਪਿੰਡ ਦੇ ਚੰਦ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਵਿਅਕਤੀ ਅਸਲ ਵਿਚ ਉਨ੍ਹਾਂ ਦੇ ਹੱਥਾਂ ਦੀ ਕਠਪੁਤਲੀ ਮਾਤਰ ਹੁੰਦਾ ਹੈ ਅਤੇ ਉਹ ਉਸ ਨੂੰ ਆਪਣੇ ਅਨੁਸਾਰ ਨਚਾਉਂਦੇ ਹਨ। ਅਜਿਹੇ ਵਿਚ ਪਿੰਡ ਦੇ ਵਿਕਾਸ ਦੀ ਗੱਲ ਕਰਨਾ ਤਾਂ ਆਪਣੇ-ਆਪ ਨੂੰ ਧੋਖਾ ਦੇਣ ਦੇ ਬਰਾਬਰ ਹੈ ਪਰ ਇਸ ਸਭ ਲਈ ਜ਼ਿੰਮੇਵਾਰ ਤਾਂ ਅਸੀਂ ਲੋਕ ਹੀ ਹਾਂ ਕਿਉਂਕਿ ਪਿੰਡ ਦਾ ਸਰਪੰਚ ਜਾਂ ਪੰਚ ਚੁਣਿਆ ਤਾਂ ਸਾਡੀਆਂ ਹੀ ਵੋਟਾਂ ਦੁਆਰਾ ਜਾਂਦਾ ਹੈ।

ਅੱਜ ਦੇ ਵੋਟਰ ਕਾਫ਼ੀ ਸੂਝਵਾਨ ਹੋ ਗਏ ਹਨ ਅਤੇ ਉਹ ਆਪਣੇ ਹੱਕਾਂ ਪ੍ਰਤੀ ਕਾਫ਼ੀ ਸੁਚੇਤ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਕੁਝ ਵੋਟਰ ਚੰਦ ਰੁਪਈਆਂ ਖ਼ਾਤਰ ਆਪਣੀ ਵੋਟ ਗ਼ਲਤ ਉਮੀਦਵਾਰ ਨੂੰ ਵੇਚ ਦਿੰਦੇ ਹਨ। ਇਹ ਲਾਲਚ ਸਿਰਫ਼ ਪੈਸੇ-ਧੇਲੇ ਤੱਕ ਸੀਮਤ ਨਹੀਂ। ਇਸ ਤੋਂ ਇਲਾਵਾ ਚੋਣ ਮੈਦਾਨ ਵਿਚ ਖੜ੍ਹੇ ਉਮੀਦਵਾਰ ਚੋਣਾਂ ਦੇ ਦਿਨਾਂ ਵਿਚ ਵੋਟਰਾਂ ਨੂੰ ਸ਼ਰਾਬ ਅਤੇ ਕਈ ਹੋਰ ਪ੍ਰਕਾਰ ਦੇ ਨਸ਼ਿਆਂ ਦਾ ਲਾਲਚ ਵੀ ਦਿੰਦੇ ਹਨ ਅਤੇ ਇਹੀ ਨਸ਼ੇ ਕਈ ਵਾਰ ਵੋਟਰਾਂ ਦੀ ਮੌਤ ਦਾ ਕਾਰਨ ਬਣ ਜਾਂਦੇ ਹਨ। ਕਈ ਪਿੰਡਾਂ ਵਿਚ ਤਾਂ ਔਰਤ ਵਰਗ ਦੀਆਂ ਵੋਟਾਂ ਖ਼ਰੀਦਣ ਲਈ ਉਨ੍ਹਾਂ ਨੂੰ ਉਪਹਾਰ ਅਤੇ ਕੱਪੜੇ ਆਦਿ ਵੀ ਵੰਡੇ ਜਾਂਦੇ ਹਨ। ਇਸ ਤਰ੍ਹਾਂ ਉਮੀਦਵਾਰ ਵੋਟਾਂ ਹਥਿਆਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ।

ਇਹ ਨਿੱਕੇ-ਨਿੱਕੇ ਲਾਲਚ ਸਾਨੂੰ ਅਤੇ ਸਾਡੇ ਪਿੰਡਾਂ ਨੂੰ ਵਿਕਾਸ ਦੇ ਰਾਹ ਤੋਂ ਬਹੁਤ ਦੂਰ ਲੈ ਜਾਂਦੇ ਹਨ ਤੇ ਫਿਰ ਅਸੀਂ ਪੂਰੇ ਪੰਜ ਸਾਲ ਅੱਡੀਆਂ ਚੁੱਕ-ਚੁੱਕ ਕੇ ਪਿੰਡ ਦੇ ਵਿਕਾਸ ਦੀ ਉਡੀਕ ਕਰਦੇ ਰਹਿੰਦੇ ਹਾਂ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਅਸੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਯੋਗ ਉਮੀਦਵਾਰ ਦੀ ਚੋਣ ਕਰ ਸਕਦੇ ਹਾਂ। ਫਿਰ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਸਾਰੇ ਪਿੰਡਾਂ ਦੀ ਨੁਹਾਰ ਬਦਲ ਜਾਵੇਗੀ ਅਤੇ ਸਾਰੇ ਪਿੰਡ ਸਰਬਪੱਖੀ ਵਿਕਾਸ ਵੱਲ ਪੁਲਾਂਘਾਂ ਭਰਦੇ ਨਜ਼ਰ ਆਉਣਗੇ। ਇਹ ਵਿਕਾਸ ਸਿਰਫ਼ ਪਿੰਡਾਂ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਅਤੇ ਪੂਰੇ ਦੇਸ਼ ਦਾ ਹੋਵੇਗਾ ਪਰ ਇਸ ਦੀ ਸ਼ੁਰੂਆਤ ਸਾਨੂੰ ਆਪਣੇ-ਆਪ ਤੋਂ ਹੀ ਕਰਨੀ ਪਵੇਗੀ।

ਬਤੌਰ ਮਤਦਾਤਾ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੀ ਕੀਮਤੀ ਵੋਟ ਬਿਨਾਂ ਕਿਸੇ ਡਰ ਅਤੇ ਲਾਲਚ ਤੋਂ ਯੋਗ ਉਮੀਦਵਾਰਾਂ ਨੂੰ ਪਾ ਕੇ ਸਫਲ ਬਣਾਵਾਂਗੇ ਅਤੇ ਸਮੁੱਚੀ ਚੋਣ ਪ੍ਕਿਰਿਆ ਨੂੰ ਸ਼ਾਂਤਮਈ ਤਰੀਕੇ ਨਾਲ ਕਰਵਾਉਣ ਲਈ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਵਾਂਗੇ।