ਹਰਿਆਣਾ ਵਿਚ ਆਪਣੀਆਂ ਗ਼ਲਤੀਆਂ ਨਾਲ ਜਿੱਤੀ ਬਾਜ਼ੀ ਹਾਰਨ ਵਾਲੀ ਕਾਂਗਰਸ ਨੇ ਜਿਵੇਂ ਇਹ ਕਿਹਾ ਹੈ ਕਿ ਉਸ ਨੂੰ ਇਹ ਚੋਣ ਨਤੀਜੇ ਮਨਜ਼ੂਰ ਨਹੀਂ ਹਨ ਤੇ ਉਸ ਦੇ ਆਗੂ ਵੋਟਾਂ ਦੀ ਗਿਣਤੀ ਵਿਚ ਗੜਬੜੀ ਦਾ ਦੋਸ਼ ਲਾਉਂਦੇ ਹੋਏ ਜਿਵੇਂ ਚੋਣ ਕਮਿਸ਼ਨ ਦੇ ਬੂਹੇ ਪੁੱਜੇ ਹਨ, ਉਸ ਤੋਂ ਤਾਂ ਇਹੀ ਅਹਿਸਾਸ ਹੁੰਦਾ ਹੈ ਕਿ ਕਾਂਗਰਸ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖਣਾ ਹੀ ਨਹੀਂ ਚਾਹੁੰਦੀ। ਭਾਵੇਂ ਚੋਣ ਕਮਿਸ਼ਨ ਨੇ ਹਰਿਆਣਾ ਦੇ ਨਤੀਜਿਆਂ ’ਤੇ ਜੈਰਾਮ ਰਮੇਸ਼ ਤੇ ਹੋਰ ਕਾਂਗਰਸੀ ਆਗੂਆਂ ਦੇ ਬਿਆਨਾਂ ਨੂੰ ਲੈ ਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸਖ਼ਤ ਚਿੱਠੀ ਲਿਖ ਕੇ ਇਹ ਕਿਹਾ ਹੋਵੇ ਕਿ ਦੇਸ਼ ਦੇ ਜਮਹੂਰੀ ਇਤਿਹਾਸ ਵਿਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਪਰ ਲੱਗਦਾ ਨਹੀਂ ਕਿ ਇਸ ਨਾਲ ਕਾਂਗਰਸ ਦੀ ਸਿਹਤ ’ਤੇ ਕੋਈ ਅਸਰ ਪਵੇਗਾ। ਇਸ ਦੇ ਵੀ ਆਸਾਰ ਇਸ ਲਈ ਨਹੀਂ ਹਨ ਕਿਉਂਕਿ ਉਸ ਦੇ ਆਗੂ ਮਨਮਰਜ਼ੀ ਦੇ ਨਤੀਜੇ ਨਾ ਆਉਣ ’ਤੇ ਮਨਘੜਤ ਦੋਸ਼ ਲਾਉਣ ਵਿਚ ਮਾਹਿਰ ਹੋ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਸਮੇਂ ਜੈਰਾਮ ਰਮੇਸ਼ ਨੇ ਹੀ ਇਹ ਸਨਸਨੀਖੇਜ਼ ਦੋਸ਼ ਲਗਾਇਆ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਵੱਖ-ਵੱਖ ਜ਼ਿਲ੍ਹਿਆਂ ਦੇ ਡੀਐੱਮਜ਼ ਨੂੰ ਫੋਨ ਕਰ ਕੇ ਧਮਕਾ ਰਹੇ ਹਨ। ਜਦੋਂ ਉਨ੍ਹਾਂ ਨੂੰ ਇਸ ਦੇ ਸਬੂਤ ਦੇਣ ਲਈ ਕਿਹਾ ਗਿਆ ਸੀ ਤਾਂ ਉਹ ਇੱਧਰ-ਉੱਧਰ ਝਾਕਣ ਲੱਗੇ ਸਨ। ਜੇਕਰ ਚੋਣ ਕਮਿਸ਼ਨ ਨੇ ਉਦੋਂ ਹੀ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਉਹ ਹਰਿਆਣਾ ਦੇ ਨਤੀਜਿਆਂ ’ਤੇ ਨਵਾਂ ਝੂਠ ਨਾ ਘੜਦੇ। ਹਰਿਆਣਾ ਵਿਚ ਹਾਰ ਤੋਂ ਬਾਅਦ ਕਾਂਗਰਸ ਦਾ ਵਿਵਹਾਰ ਇਹੀ ਦੱਸਦਾ ਹੈ ਕਿ ਉਸ ਨੂੰ ਨਾ ਤਾਂ ਜਿੱਤ ਛੇਤੀ ਪਚਦੀ ਹੈ ਅਤੇ ਨਾ ਹੀ ਹਾਰ ਹਜ਼ਮ ਹੁੰਦੀ ਹੈ। ਲੋਕ ਸਭਾ ਚੋਣਾਂ ਵਿਚ 99 ਸੀਟਾਂ ਜਿੱਤਣ ’ਤੇ ਉਹ ਏਦਾਂ ਪੇਸ਼ ਆ ਰਹੀ ਸੀ ਜਿਵੇਂ ਬਹੁਮਤ ਹਾਸਲ ਕਰ ਲਿਆ ਹੋਵੇ। ਹੁਣ ਹਰਿਆਣਾ ਵਿਚ ਭਾਜਪਾ ਨੂੰ ਤੀਜੀ ਵਾਰ ਸੱਤਾ ਹਾਸਲ ਕਰਨ ਦਾ ਮੌਕਾ ਦੇਣ ਵਾਲੀ ਕਾਂਗਰਸ ਆਪਣੀਆਂ ਗ਼ਲਤੀਆਂ ’ਤੇ ਗ਼ੌਰ ਕਰਨ ਦੀ ਬਜਾਏ ਚੋਣ ਕਮਿਸ਼ਨ ’ਤੇ ਦੋਸ਼ ਲਾ ਕੇ ਆਪਣੀ ਖਿਝ ਉਤਾਰ ਰਹੀ ਹੈ।
ਅਜਿਹਾ ਕਰ ਕੇ ਉਹ ਭਾਰਤੀ ਜਮਹੂਰੀਅਤ ਨੂੰ ਬਦਨਾਮ ਕਰਨ ਦੇ ਨਾਲ-ਨਾਲ ਲੋਕਾਂ ਨੂੰ ਗੁਮਰਾਹ ਹੀ ਨਹੀਂ ਕਰ ਰਹੀ ਬਲਕਿ ਉਨ੍ਹਾਂ ਸਵਾਲਾਂ ਤੋਂ ਮੂੰਹ ਵੀ ਮੋੜ ਰਹੀ ਹੈ ਜੋ ਹਰਿਆਣਾ ਦੇ ਚੋਣ ਨਤੀਜਿਆਂ ਤੋਂ ਬਾਅਦ ਉਸ ਦੇ ਸਾਹਮਣੇ ਉੱਭਰ ਆਏ ਹਨ। ਇਨ੍ਹਾਂ ਵਿਚ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਕਿ ਆਖ਼ਰ ਉਸ ਨੇ ਉਸ ਭੁਪਿੰਦਰ ਸਿੰਘ ਹੁੱਡਾ ਨੂੰ ਲੋੜ ਤੋਂ ਜ਼ਿਆਦਾ ਮਹੱਤਵ ਕਿਉਂ ਦਿੱਤਾ ਜਿਨ੍ਹਾਂ ਨੇ ਕੁਮਾਰੀ ਸ਼ੈਲਜਾ ਸਣੇ ਕਈ ਹੋਰ ਸੀਨੀਅਰ ਆਗੂਆਂ ਨੂੰ ਕਿਨਾਰੇ ਕਰ ਦਿੱਤਾ, ਆਮ ਆਦਮੀ ਪਾਰਟੀ ਨਾਲ ਸਮਝੌਤੇ ’ਤੇ ਟੰਗ ਫਸਾਈ ਅਤੇ ਸੰਗਠਨ ਦਾ ਨਿਰਮਾਣ ਨਹੀਂ ਹੋਣ ਦਿੱਤਾ?
ਹਰਿਆਣਾ ਵਿਚ ਦਸ ਸਾਲ ਤੋਂ ਸੱਤਾ ਵਿਚ ਹੋਣ ਕਾਰਨ ਭਾਜਪਾ ਖ਼ਿਲਾਫ਼ ਸੱਤਾ ਵਿਰੋਧੀ ਮਾਹੌਲ ਤਿਆਰ ਹੋ ਗਿਆ ਸੀ। ਇਹ ਸੁਭਾਵਕ ਹੀ ਸੀ ਪਰ ਕਾਂਗਰਸ ਨੇ ਉਸ ਦਾ ਲਾਭ ਚੁੱਕਣ ਲਈ ਸਿਰਫ਼ ਕੂੜ ਪ੍ਰਚਾਰ ਨੂੰ ਆਪਣਾ ਹਥਿਆਰ ਬਣਾਉਣਾ ਬਿਹਤਰ ਸਮਝਿਆ।
ਇਹ ਮੰਨਣ ਦੇ ਵੀ ਚੰਗੇ-ਭਲੇ ਕਾਰਨ ਹਨ ਕਿ ਕਾਂਗਰਸ ਇਹ ਫ਼ਰਜ਼ੀ ਮਾਹੌਲ ਬਣਾਉਣ ਵਾਲਿਆਂ ਦੇ ਝਾਂਸੇ ਵਿਚ ਆ ਗਈ ਕਿ ਉਹ ਬਹੁਤ ਆਸਾਨੀ ਨਾਲ ਹਰਿਆਣਾ ਵਿਚ ਵੱਡੀ ਜਿੱਤ ਹਾਸਲ ਕਰਨ ਜਾ ਰਹੀ ਹੈ। ਅਸਲ ਵਿਚ ਤਾਂ ਕਾਂਗਰਸ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਅੱਤ ਹਰ ਚੀਜ਼ ਦੀ ਮਾੜੀ ਹੁੰਦੀ ਹੈ ਅਤੇ ਇਸ ਵਿਚ ਆਤਮ-ਵਿਸ਼ਵਾਸ ਵੀ ਸ਼ਾਮਲ ਹੈ। ਜੇ ਉਹ ਅਜਿਹੀਆਂ ਗ਼ਲਤੀਆਂ ਨੂੰ ਏਦਾਂ ਹੀ ਦੁਹਰਾਉਂਦੀ ਰਹੀ ਤਾਂ ਉਸ ਲਈ ਅੱਗੇ ਦਾ ਰਾਹ ਹੋਰ ਵੀ ਮੁਸ਼ਕਲ ਹੁੰਦਾ ਜਾਵੇਗਾ। ਉਸ ਨੂੰ ਆਪਣੀਆਂ ਕਮਜ਼ੋਰੀਆਂ ਲਈ ਦੂਜਿਆਂ ਨੂੰ ਦੋਸ਼ ਦੇਣ ਦੀ ਆਦਤ ਛੱਡਣੀ ਪਵੇਗੀ।