ਆਪ ਆਗੂ ਦੇ ਕਤਲ ਮਾਮਲੇ ‘ਚ ਇਕ ਮੁਲਜ਼ਮ ਗ੍ਰਿਫ਼ਤਾਰ

ਪੱਟੀ/ਕੈਰੋਂ – ਤਰਨਤਾਰਨ ਦੇ ਪਿੰਡ ਠੱਕਰਪੁਰਾ ਨੇੜੇ ਸੋਮਵਾਰ ਦੁਪਹਿਰ ਆਪ ਵਲੰਟੀਅਰ ਰਾਜਵਿੰਦਰ ਸਿੰਘ ਰਾਜ ਗਿੱਲ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਤਿੰਨ ਮੁਲਜ਼ਮਾਂ ’ਚੋਂ ਇਕ ਦਇਆ ਸਿੰਘ ਪੁੱਤਰ ਖ਼ਜਾਨ ਸਿੰਘ ਵਾਸੀ ਪਿੰਡ ਸਾਂਘਣਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਬੁੱਧਵਾਰ ਬਾਅਦ ਦੁਪਹਿਰ ਜਦੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਸਿਵਲ ਹਸਪਤਾਲ ਪੱਟੀ ਪੁੱਜੇ ਤੇ ਉਨ੍ਹਾਂ ਵੱਲੋਂ ਰਾਜਵਿੰਦਰ ਸਿੰਘ ਰਾਜ ਗਿੱਲ ਦੇ ਪਰਿਵਾਰ ਨੂੰ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਦਾ ਭਰੋਸਾ ਦਿੱਤਾ ਗਿਆ। ਜਿਸ ਤੋਂ ਬਾਅਦ ਪਰਿਵਾਰ ਪੋਸਟਮਾਰਟਮ ਲਈ ਸਹਿਮਤ ਹੋਇਆ। ਇਸ ਦੌਰਾਨ ਪੱਟੀ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਵਿੰਦਰ ਸਿੰਘ ਦੇ ਪਿਤਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨਾਲ ਸਬੰਧਤ ਇਕ ਬਦਮਾਸ਼ ਵੱਲੋਂ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਹੁਣ ਪੁਲਿਸ ਨੇ ਉਕਤ ਵਿਅਕਤੀ ਨੂੰ ਵੀ ਜਾਂਚ ਦੇ ਘੇਰੇ ਵਿਚ ਲੈ ਲਿਆ ਹੈ। ਇਸ ਮਾਮਲੇ ’ਚ ਪੁਲਿਸ ਨੇ ਤਿੰਨ ਦਿਨਾਂ ਦੀ ਸਖਤ ਮਿਹਨਤ ਤੋਂ ਬਾਅਦ ਤਿੰਨ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਹੈ। ਬੁੱਧਵਾਰ ਨੂੰ ਸੀਆਈਏ ਸਟਾਫ਼ ਦੀ ਟੀਮ ਨੇ ਦਯਾ ਸਿੰਘ ਪੁੱਤਰ ਖਜਾਨ ਸਿੰਘ ਵਾਸੀ ਪਿੰਡ ਸਾਂਘਣਾ ਨੂੰ ਗ੍ਰਿਫ਼ਤਾਰ ਕੀਤਾ। ਦਇਆ ਸਿੰਘ ਨੂੰ ਸ਼ਾਮ 5.20 ਵਜੇ ਸਿਵਲ ਹਸਪਤਾਲ ਤਰਨਤਾਰਨ ਲਿਆਂਦਾ ਗਿਆ ਜਿਥੋਂ ਉਸਦਾ ਮੈਡੀਕਲ ਕਰਵਾਉਣ ਉਪਰੰਤ ਸਥਾਨਕ ਅਦਾਲਤ ਵਿਚ ਪੇਸ਼ ਕਰ ਕੇ ਤਿੰਨ ਦਿਨ ਦਾ ਰਿਮਾਂਡ ਲਿਆ ਗਿਆ ਹੈ। ਪੁਲਿਸ ਨੂੰ ਉਮੀਦ ਹੈ ਕਿ ਜਲਦੀ ਹੀ ਇਸ ਕਤਲ ਦਾ ਭੇਤ ਸੁਲਝਾ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੀਰਵਾਰ ਨੂੰ ਮੀਡੀਆ ਸਾਹਮਣੇ ਸਮੁੱਚੇ ਕੇਸ ਦਾ ਖ਼ੁਲਾਸਾ ਕਰ ਸਕਦੀ ਹੈ ਕਿ ਰਾਜ ਗਿੱਲ ਦਾ ਕਤਲ ਚੋਣ ਰੰਜਿਸ਼ ਕਾਰਨ ਹੋਇਆ ਜਾਂ ਕੋਈ ਹੋਰ ਕਾਰਨ ਸੀ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਰਹੇਗੀ। ਦੱਸਣਾ ਬਣਦਾ ਹੈ ਕਿ ਡਾ. ਗਗਨਦੀਪ ਸਿੰਘ ਦੀ ਅਗਵਾਈ ਹੇਠ ਦੁਪਹਿਰ ਬਾਅਦ ਪੱਟੀ ਦੇ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਦੀ ਕਾਰਵਾਈ ਮੁਕੰਮਲ ਕੀਤੀ ਗਈ। ਇਸ ਮੌਕੇ ਐੱਸਡੀਐੱਮ ਪੱਟੀ ਜੈਇੰਦਰ ਸਿੰਘ, ਥਾਣਾ ਸਿਟੀ ਪੱਟੀ ਦੇ ਮੁਖੀ ਅਮਰੀਕ ਸਿੰਘ, ਹਰੀਕੇ ਥਾਣੇ ਦੇ ਮੁਖੀ ਕਸ਼ਮੀਰ ਸਿੰਘ, ਥਾਣਾ ਸਦਰ ਪੱਟੀ ਮੁਖੀ ਗੁਰਚਰਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਮੌਜੂਦ ਰਹੀ।