ਅਯੁੱਧਿਆ ‘ਚ ਸ਼ਾਨਦਾਰ ਦੀਪ ਉਤਸਵ ਦੀਆਂ ਤਿਆਰੀਆਂ ਸ਼ੁਰੂ,25 ਲੱਖ ਦੀਵੇ ਬਾਲ ਕੇ ਲੰਘੇ ਸਾਲ ਦਾ ਵਿਸ਼ਵ ਰਿਕਾਰਡ ਤੋੜਨ ਦਾ ਟੀਚਾ

ਅਯੁੱਧਿਆ-ਰਾਮ ਮੰਦਰ ‘ਚ ਰਾਮਲੱਲਾ ਦੀ ਮੂਰਤੀ ਸਥਾਪਿਤ ਹੋਣ ਤੋਂ ਬਾਅਦ ਇਸ ਸਾਲ ਹੋਣ ਵਾਲੇ ਅੱਠਵੇਂ ਦੀਪ ਉਤਸਵ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 25 ਲੱਖ ਦੀਵੇ ਬਾਲ ਕੇ ਜਿੱਥੇ ਆਪਣਾ ਪਿਛਲੇ ਸਾਲ ਦਾ ਰਿਕਾਰਡ ਤੋੜਨ ਦਾ ਟੀਚਾ ਹੈ ਤਾਂ ਪ੍ਰੋਗਰਾਮ ਨੂੰ ਹੋਰ ਸ਼ਾਨਦਾਰ ਸਰੂਪ ਦੇਣ ਦੀ ਵੀ ਤਿਆਰੀ ਵੀ ਚੱਲ ਰਹੀ ਹੈ। ਚਾਰ ਦਿਨਾਂ ਦੀਪ ਉਤਸਵ ਵਿਚ ਸਰਯੂ ਘਾਟਾਂ ਨੂੰ ਸਜਾਇਆ ਸੰਵਾਰਿਆ ਜਾ ਰਿਹਾ ਹੈ। ਰਾਮ ਕੀ ਪੈੜੀ ‘ਤੇ ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਦੀਪ ਉਤਸਵ ਦੀ ਸ਼ੁਰੂਆਤ 28 ਅਕਤੂਬਰ ਤੋਂ ਹੋਵੇਗੀ। ਇਸ ਦਿਨ ਅਯੁੱਧਿਆ ਧਾਮ ਦੇ ਸਰਯੂ ਘਾਟਾਂ, ਪ੍ਰਮੁੱਖ ਮਾਰਗਾਂ ਅਤੇ ਮਠ ਮੰਦਿਰਾਂ ਨੂੰ ਰੌਸ਼ਨ ਕੀਤਾ ਜਾਵੇਗਾ ਪਰ ਮੁੱਖ ਪ੍ਰੋਗਰਾਮ 30 ਅਕਤੂਬਰ ਨੂੰ ਹੋਵੇਗਾ। 7ਵੇਂ ਦੀਪ ਉਤਸਵ ਦੌਰਾਨ 22 ਲੱਖ ਦੀਵੇ ਬਾਲ ਕੇ ਰਿਕਾਰਡ ਬਣਾਇਆ ਗਿਆ ਸੀ। ਮੂਰਤੀ ਸਥਾਪਨਾ ਤੋਂ ਬਾਅਦ ਕਰਵਾਏ ਜਾ ਰਹੇ ਅੱਠਵੇਂ ਦੀਪ ਉਤਸਵ ਨੂੰ ਪਿਛਲੇ ਸੱਤ ਪ੍ਰੋਗਰਾਮਾਂ ਤੋਂ ਜ਼ਿਆਦਾ ਦੈਵੀ ਬਣਾਉਣ ਲਈ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸੈਰ ਸਪਾਟਾ ਵਿਭਾਗ ਦੀ ਅਗਵਾਈ ਵਿਚ ਉੱਤਰ ਪ੍ਰਦੇਸ਼ ਪ੍ਰੋਜੈਕਟਸ ਕਾਰਪੋਰੇਸ਼ਨ ਰਾਮ ਕੀ ਪੈੜੀ ਤੇ ਸਰਯੂ ਘਾਟਾਂ ਨੂੰ ਸ਼ਿਗਾਰ ਰਿਹਾ ਹੈ। ਰਾਮ ਕੀ ਪੈੜੀ ਸਣੇ ਸਰਯੂ ਦੇ ਵੱਖ-ਵੱਖ ਘਾਟਾਂ ‘ਤੇ ਸੈਲਫ਼ੀ ਪਵਾਇੰਟ ਵੀ ਬਣਾਉਣ ਦੀ ਤਿਆਰੀ ਹੈ। ਇਨ੍ਹਾਂ ‘ਤੇ ਮਿਊਰਲ ਆਰਟ ਰਾਹੀਂ ਸੋਹਣੇ ਚਿੱਤਰ ਵਾਹੇ ਜਾਣਗੇ। ਸੈਰ ਸਪਾਟਾ ਵਿਭਾਗ ਦੇ ਉੱਪ ਨਿਦੇਸ਼ਕ ਅਯੁੱਧਿਆ ਆਰ ਪੀ ਯਾਦਵ ਨੇ ਦੱਸਿਆ ਕਿ ਪ੍ਰੋਗਰਾਮ ਨੂੰ ਹੋਰ ਸ਼ਾਨਦਾਰ ਬਣਾਉਣ ਲਈ ਸਾਰੀਆਂ ਤਿਆਰੀਆਂ ਸਮੇਂ ਸਿਰ ਪੂਰੀਆਂ ਕਰ ਲਈਆਂ ਜਾਣਗੀਆਂ।

ਇਨ੍ਹਾਂ ਦਿਨਾਂ ਵਿਚ ਰਾਮ ਮੰਦਿਰ ਦੇ ਮੁੱਖ ਸ਼ਿਖਰ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਇਹ ਸ਼ਿਖਰ 101 ਫੁੱਟ ਉੱਚਾ ਹੋਵੇਗਾ। ਇਸਦਾ ਨਿਰਮਾਣ ਮੰਦਿਰ ਦੀ ਨੀਂਹ ਵਰਗਾ ਹੈ। ਇਸ ਤਹਿਤ ਮੰਦਿਰ ਦੀ ਨੀਂਹ 44 ਪਰਤੀ ਬਣਾਈ ਗਈ ਸੀ। ਠੀਕ ਉਸੇ ਵਾਂਗ ਇਹ ਸ਼ਿਖਰ ਹੋਵੇਗਾ। ਇਸ ਵਿਚ ਇਸਤੇਮਾਲ ਹੋਣ ਵਾਲੀਆਂ ਸ਼ਿਲਾਵਾਂਵੀ ਇਕ ਦੂਜੇ ਉੱਪਰ 29 ਪਰਤਾਂ ਵਿਚ ਟਿਕਾਈਆਂ ਜਾਣਗੀਆਂ।