ਮੌਜੂਦਾ ਸਮੇਂ ‘ਚ ਮਜ਼ਬੂਤ ​ਅਤੇ ਸਮਰੱਥ ਹਵਾਈ ਸੈਨਾ ਦੀ ਲੋੜ, ਕਿਸੇ ਵੀ ਚੁਣੌਤੀ ਲਈ ਤਿਆਰ ਰਹੋ

ਚੇਨਈ – ਹਵਾਈ ਫ਼ੌਜ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਭਾਰਤੀ ਹਵਾਈ ਫ਼ੌਜ ਨੂੰ ਮੌਜੂਦਾ ਤੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸਨੂੰ ਮੁੜ ਸੰਗਠਿਤ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਵਿਸ਼ਵ ਸੁਰੱਖਿਆ ਦਾ ਮਾਹੌਲ ਲਗਾਤਾਰ ਬਦਲ ਰਿਹਾ ਹੈ। ਮੌਜੂਦਾ ਸੰਘਰਸ਼ਾਂ ਨੇ ਇਕ ਮਜ਼ਬੂਤ ਤੇ ਸਮਰੱਥ ਹਵਾਈ ਫ਼ੌਜ ਦੀਆਂ ਜ਼ਰੂਰਤਾਂ ਨੂੰ ਦਰਸਾਇਆ ਹੈ। ਇਸ ਲਈ, ਭਾਰਤੀ ਹਵਾਈ ਫ਼ੌਜ ਨੂੰ ਸਾਡੇ ਰਾਸ਼ਟਰੀ ਹਿੱਤਾਂ ਨੂੰ ਚੁਣੌਤੀ ਦੇਣ ਵਾਲੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਲੋੜ ਹੈ।

ਭਾਰਤੀ ਹਵਾਈ ਫ਼ੌਜ (ਆਈਏਐੱਫ) ਦੇ 92ਵੇਂ ਸਾਲਾਨਾ ਦਿਵਸ ਸਮਾਗਮ ’ਤੇ ਮੰਗਲਵਾਰ ਨੂੰ ਇੱਥੇ ਨਜ਼ਦੀਕੀ ਤਾਂਬਰਮ ਸਥਿਤ ਹਵਾਈ ਫ਼ੌਜ ਸਟੇਸ਼ਨ ’ਤੇ ਪਰੇਡ ਦੀ ਸਮੀਖਿਆ ਕਰਨ ਤੋਂ ਬਾਅਦ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਨਵੀਨੀਕਰਨ ਤੇ ਲੀਕ ਤੋਂ ਹੱਟ ਕੇ ਸੋਚ ਨਾਲ ਨਵੀਂ ਟੈਕਨਾਲੋਜੀ ਨੂੰ ਅਪਣਾਉਣ ਨਾਲ ਅੱਜ ਦੇ ਬਹੁ ਖੇਤਰੀ ਵਾਤਾਵਰਣ ’ਚ ਫ਼ੈਸਲਾਕੁੰਨ ਭੂਮਿਕਾ ਨਿਭਾਵਾਂਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬਹੁਤ ਘਟਨਾਵਾਂ ਹੋਈਆਂ ਤੇ ਹਵਾਈ ਫ਼ੌਜ ਨੇ ਵੱਖ-ਵੱਖ ਮੋਰਚਿਆਂ ’ਤੇ ਆਪਣਾ ਲੋਹਾ ਮਨਵਾਇਆ। ਪਿਛਲੇ ਕੁਝ ਸਾਲਾਂ ’ਚ ਅਸੀਂ ਤਕਨੀਕ ਤੇ ਉੱਚ ਪੱਧਰੀ ਹਥਿਆਰਾਂ ਤੇ ਪ੍ਰਣਾਲੀਆਂ ਨਾਲ ਫ਼ੌਜੀ ਮੁਹਿੰਮਾਂ ਕਾਰਨ ਹੋਰ ਮਜ਼ਬੂਤੀ ਹਾਸਲ ਕੀਤੀ ਹੈ। ਉਨ੍ਹਾਂ ਹਵਾਈ ਫ਼ੌਜ ਦਿਵਸ ਦੇ ਥੀਮ ‘ਭਾਰਤੀ ਹਵਾਈ ਫ਼ੌਜ-ਸਮਰੱਥ, ਮਜ਼ਬੂਤ, ਆਤਮਨਿਰਭਰ’ ਨੂੰ ਪ੍ਰੇਰਣਾ ਸਰੂਪ ਦੱਸਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਫ਼ੌਜ ਦਿਵਸ ’ਤੇ ਆਪਣੀਆਂ ਸ਼ੁੱਭਕਾਮਨਾਵਾਂ ਪਾਇਲਟਾਂ ਨੂੰ ਦਿੰਦੇ ਹੋਏ ਉਨ੍ਹਾਂ ਦੇ ਹੌਸਲੇ, ਪ੍ਰੋਫੈਸ਼ਨਲ ਤਰੀਕੇ ਤੇ ਦੇਸ਼ ਦੀ ਸੁਰੱਖਿਆ ’ਚ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਐਕਸ ’ਤੇ ਆਪਣੀ ਪੋਸਟ ’ਚ ਕਿਹਾ ਕਿ ਸਾਰੇ ਬਹਾਦਰ ਹਵਾਈ ਯੋਧਿਆਂ ਨੂੰ ਹਵਾਈ ਫ਼ੌਜ ਦਿਵਸ ਦੀਆਂ ਸ਼ੁੱਭਕਾਮਨਾਵਾਂ। ਸਾਡੇ ਦੇਸ਼ ਨੂੰ ਸੁਰੱਖਿਅਤ ਰੱਖਣ ’ਚ ਉਨ੍ਹਾਂ ਦੀ ਭੂਮਿਕਾ ਲਾਜਵਾਬ ਹੈ।