ਨਵੀਂ ਦਿੱਲੀ –ਪਾਕਿਸਤਾਨ ਕ੍ਰਿਕਟ ਬੋਰਡ ਨੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਫਾਈਨਲ ਦੁਬਈ ਵਿਚ ਹੋਣ ਦੀ ਰਿਪੋਰਟ ਨੂੰ ਖਾਰਿਜ ਕਰ ਦਿੱਤਾ ਹੈ। ਮੰਗਲਵਾਰ ਨੂੰ ‘ਦਿ ਟੈਲੀਗ੍ਰਾਫ’ ਦੀ ਰਿਪੋਰਟ ਅਨੁਸਾਰ ਇਹ ਕਿਹਾ ਗਿਆ ਸੀ ਕਿ ਚੈਂਪੀਅਨਜ਼ ਟਰਾਫੀ 2025 ਫਾਈਨਲ ਦਾ ਸਥਾਨ ਭਾਰਤ ਦੇ ਹਿਸਾਬ ਅਨੁਸਾਰ ਦੁਬਈ ਵਿਚ ਹੋਵੇਗਾ। ਇਸ ਦੌਰਾਨ ਪੀਸੀਬੀ ਦੇ ਬੁਲਾਰੇ ਨੇ ਟੂਰਨਾਮੈਂਟ ਦੇ ਫਾਈਨਲ ਦੇ ਸਥਾਨ ਵਿਚ ਤਬਦੀਲੀ ਦੀ ਰਿਪੋਰਟ ਬਾਰੇ ਬਿਆਨ ਦਿੱਤਾ ਹੈ।
ਦਰਅਸਲ ਪਾਕਿਸਤਾਨ ਕ੍ਰਿਕਟ ਨੇ ਮੰਗਲਵਾਰ ਨੂੰ ਪੀਸੀਬੀ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਇਸ ਖ਼ਬਰ ਵਿਚ ਕੋਈ ਸੱਚਾਈ ਨਹੀਂ ਹੈ ਕਿ ਚੈਂਪੀਅਨਜ਼ ਟਰਾਫੀ ਦਾ ਫਾਈਨਲ ਪਾਕਿਸਤਾਨ ਤੋਂ ਬਾਹਰ ਹੋ ਸਕਦਾ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਾਂ ਕਿ ਟੂਰਨਾਮੈਂਟ ਦੀਆਂ ਸਾਰੀਆਂ ਤਿਆਰੀਆਂ ਸਹੀ ਰਸਤੇ ‘ਤੇ ਹਨ ਅਤੇ ਸਾਨੂੰ ਭਰੋਸਾ ਹੈ ਕਿ ਪਾਕਿਸਤਾਨ ਯਾਦਗਾਰੀ ਸਮਾਗਮ ਦੀ ਮੇਜ਼ਬਾਨੀ ਕਰਨ ’ਚ ਸਮਰੱਥ ਰਹੇਗਾ।
ਚੈਂਪੀਅਨਜ਼ ਟਰਾਫੀ 2025 ਮੈਚਾਂ ਦੀ ਮੇਜ਼ਬਾਨੀ ਲਾਹੌਰ, ਰਾਵਲਪਿੰਡੀ ਅਤੇ ਕਰਾਚੀ ਵਿਚ ਹੋਣੀ ਹੈ। ਲਾਹੌਰ ਫਾਈਨਲ ਸਮੇਤ ਸੱਤ ਮੈਚਾਂ ਦੀ ਮੇਜ਼ਬਾਨੀ ਕਰੇਗਾ, ਜਦੋਂਕਿ ਕਰਾਚੀ ਦਾ ਨੈਸ਼ਨਲ ਸਟੇਡੀਅਮ ਉਦਘਾਟਨੀ ਮੈਚ ਤੇ ਇਕ ਸੈਮੀਫਾਈਨਲ ਦੀ ਮੇਜ਼ਬਾਨੀ ਕਰੇਗਾ। ਰਾਵਲਪਿੰਡੀ ਸੈਮੀਫਾਈਨਲ ਸਮੇਤ ਪੰਜ ਮੈਚਾਂ ਦੀ ਮੇਜ਼ਬਾਨੀ ਕਰੇਗਾ।
ਜ਼ਿਕਰਯੋਗ ਕਿ ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ ਮੈਚ 5 ਅਤੇ 6 ਮਾਰਚ ਨੂੰ ਕਰਾਚੀ ਅਤੇ ਰਾਵਲਪਿੰਡੀ ਵਿਚ ਖੇਡੇ ਜਾਣੇ ਹਨ ਅਤੇ ਫਾਈਨਲ 9 ਮਾਰਚ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਭਾਰਤੀ ਟੀਮ ਨੇ ਪਾਕਿਸਤਾਨ ਦੀ ਧਰਤੀ ‘ਤੇ ਆਖਰੀ ਵਾਰ ਜੁਲਾਈ 2008 ‘ਚ ਕ੍ਰਿਕਟ ਮੈਚ ਖੇਡਿਆ ਸੀ ਜਦੋਂ ਉਸ ਨੇ ਕਰਾਚੀ ‘ਚ ਏਸ਼ੀਆ ਕੱਪ 2008 ਦੇ ਮੈਚਾਂ ‘ਚ ਹਿੱਸਾ ਲਿਆ ਸੀ। ਇਸ ਦੇ ਨਾਲ ਹੀ 2008 ਦੇ ਏਸ਼ੀਆ ਕੱਪ ਦੇ ਫਾਈਨਲ ‘ਚ ਭਾਰਤ ਨੂੰ ਸ਼੍ਰੀਲੰਕਾ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।