ਯੇਰੂਸ਼ਲਮ-ਹਮਲੇ ਦੀ ਬਰਸੀ ’ਤੇ ਸੋਗ ਮਨਾਏ ਜਾਣ ਦੌਰਾਨ ਸੋਮਵਾਰ ਨੂੰ ਫਲਸਤੀਨੀ ਦਹਿਸ਼ਤਗਰਦਾਂ ਨੇ ਗਾਜ਼ਾ ਤੋਂ ਇਜ਼ਰਾਈਲ ’ਤੇ ਚਾਰ ਰਾਕੇਟ ਦਾਗ਼ੇ। ਉਂਜ ਇਜ਼ਰਾਈਲ ’ਚ ਕਈ ਥਾਵਾਂ ’ਤੇ ਸੋਗ ਸਮਾਗਮ ਹੋਏ ਜਿਥੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਹਮਲਿਆਂ ਦਾ ਇਨ੍ਹਾਂ ਸਮਾਗਮਾਂ ’ਤੇ ਕੋਈ ਅਸਰ ਨਹੀਂ ਪਿਆ। ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਇਜ਼ਰਾਇਲੀ ਸੰਸਦ ਭਵਨ ’ਤੇ ਝੰਡਾ ਅੱਧਾ ਝੁਕਾ ਦਿੱਤਾ ਗਿਆ। ਨੇਤਨਯਾਹੂ ਨੇ ਕਿਹਾ ਕਿ ਹਮਾਸ ਦਾ ਖਾਤਮਾ ਇਜ਼ਰਾਈਲ ਦਾ ਮਕਸਦ ਹੈ। ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਰਿਹਾਇਸ਼ ਵੱਲ ਮਾਰਚ ਕੱਢ ਕੇ ਬੰਧਕਾਂ ਦੀ ਫੌਰੀ ਰਿਹਾਈ ਯਕੀਨੀ ਬਣਾਉਣ ਦੀ ਮੰਗ ਕੀਤੀ।
ਹਮਾਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਗਾਜ਼ਾ ਦੇ ਵੱਖ ਵੱਖ ਹਿੱਸਿਆਂ ’ਚ ਇਜ਼ਰਾਇਲੀ ਫੌਜ ’ਤੇ ਹਮਲੇ ਕੀਤੇ ਹਨ। ਉਧਰ ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਤਿੰਨ ਰਾਕੇਟਾਂ ਨੂੰ ਹਵਾ ’ਚ ਹੀ ਫੁੰਡ ਦਿੱਤਾ ਅਤੇ ਚੌਥਾ ਖੁੱਲ੍ਹੀ ਥਾਂ ’ਤੇ ਡਿੱਗਿਆ। ਫੌਜ ਨੇ ਕਿਹਾ ਕਿ ਉਸ ਨੇ ਹਮਲੇ ਨਾਕਾਮ ਕਰਨ ਲਈ ਪੂਰੀ ਰਾਤ ਹਮਾਸ ਦੇ ਟਿਕਾਣਿਆਂ ’ਤੇ ਹਵਾਈ ਹਮਲੇ ਕੀਤੇ। ਇਜ਼ਰਾਈਲ ਦੇ ਹਮਲਿਆਂ ’ਚ ਹੁਣ ਤੱਕ ਕਰੀਬ 42 ਹਜ਼ਾਰ ਫਲਸਤੀਨੀ ਮਾਰੇ ਜਾ ਚੁੱਕੇ ਹਨ। ਉਸ ਨੇ ਗਾਜ਼ਾ ਦੇ ਵੱਡੇ ਇਲਾਕੇ ਨੂੰ ਵੀ ਤਬਾਹ ਕਰ ਦਿੱਤਾ ਹੈ ਅਤੇ ਉਸ ਦੀ ਤਕਰੀਬਨ 90 ਫ਼ੀਸਦ ਆਬਾਦੀ ਉੱਜੜ ਚੁੱਕੀ ਹੈ। ਜ਼ਿਕਰਯੋਗ ਹੈ ਕਿ ਹਮਾਸ ਦੀ ਅਗਵਾਈ ਹੇਠਲੇ ਅਤਿਵਾਦੀਆਂ ਨੇ ਇਕ ਸਾਲ ਪਹਿਲਾਂ ਅੱਜ ਦੇ ਹੀ ਦਿਨ ਇਜ਼ਰਾਈਲ ਦੀ ਸੁਰੱਖਿਆ ’ਚ ਸੰਨ੍ਹ ਲਾਉਂਦਿਆਂ ਫੌਜੀ ਟਿਕਾਣਿਆਂ ਅਤੇ ਕਾਸ਼ਤਕਾਰਾਂ ’ਤੇ ਅਚਾਨਕ ਹਮਲਾ ਕਰ ਦਿੱਤਾ ਸੀ ਜਿਸ ’ਚ ਕਰੀਬ 1200 ਵਿਅਕਤੀ ਮਾਰੇ ਗਏ ਸਨ। ਉਸ ਸਮੇਂ ਹਮਾਸ ਨੇ 250 ਵਿਅਕਤੀਆਂ ਨੂੰ ਅਗਵਾ ਕਰ ਲਿਆ ਸੀ। ਉਨ੍ਹਾਂ ਅਜੇ ਵੀ ਗਾਜ਼ਾ ’ਚ ਕਰੀਬ 100 ਵਿਅਕਤੀਆਂ ਨੂੰ ਬੰਧਕ ਬਣਾਇਆ ਹੋਇਆ ਹੈ। ਰਾਸ਼ਟਰਪਤੀ ਇਸਾਕ ਹਰਜ਼ੋਗ ਨੇ ਵੀ ਸ਼ਰਧਾਂਜਲੀ ਸਮਾਗਮ ’ਚ ਹਿੱਸਾ ਲਿਆ। ਇਥੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਦੌਰਾਨ ਕਰੀਬ 400 ਵਿਅਕਤੀ ਮਾਰੇ ਗਏ ਸਨ। -ਏਪੀ