ਜੈਸ਼ੰਕਰ ਦੇ ਦੌਰੇ ਤੋਂ ਪਹਿਲਾਂ ਪਾਕਿਸਤਾਨ ‘ਚ ਧਮਾਕਾ, ਦੋ ਚੀਨੀ ਨਾਗਰਿਕਾਂ ਦੀ ਮੌਤ; ਡ੍ਰੈਗਨ ਦੀ ਸੁਰੱਖਿਆ ਲਈ ਤੈਅ ਕੀਤਾ ਗਿਆ ਸੀ ਅਰਬਾਂ ਦਾ ਬਜਟ

ਇਸਲਾਮਾਬਾਦ (ਰਾਇਟਰ) – ਪਾਕਿਸਤਾਨ ਦੇ ਕਰਾਚੀ ’ਚ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲ ਐਤਵਾਰ ਰਾਤ ਬੰਬ ਧਮਾਕੇ ’ਚ ਦੋ ਚੀਨੀ ਨਾਗਰਿਕਾਂ ਸਮੇਤ ਤਿੰਨ ਦੀ ਮੌਤ ਹੋ ਗਈ, ਜਦਕਿ 17 ਹੋਰ ਜ਼ਖ਼ਮੀ ਹੋ ਗਏ। ਵੱਖਵਾਦੀ ਸਮੂਹ ਬਲੂਚ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਚੀਨੀ ਨਾਗਰਿਕਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਏ ਜਾਣ ਦੀ ਜ਼ਿੰਮੇਵਾਰੀ ਲਈ ਹੈ। ਬੀਐੱਲਏ ਨੇ ਚੀਨੀ ਨਾਗਰਿਕਾਂ ਨੂੰ ਅਜਿਹੇ ਸਮੇਂ ’ਚ ਨਿਸ਼ਾਨਾ ਬਣਾਇਆ ਹੈ ਜਦ ਪਾਕਿਸਤਾਨ ਇਕ ਹਫ਼ਤੇ ਬਾਅਦ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਮਿਟ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।

ਸ਼ੁਰੂ ’ਚ ਪਾਕਿਸਤਾਨੀ ਅਧਿਕਾਰੀਆਂ ਨੇ ਤੇਲ ਟੈਂਕਰ ਧਮਾਕੇ ਹੋਣ ਦਾ ਸ਼ੱਕ ਜ਼ਾਹਰ ਕੀਤਾ ਸੀ। ਪਰ ਬਾਅਦ ’ਚ ਪੁਲਿਸ ਨੇ ਬੰਬ ਧਮਾਕੇ ਦੀ ਪੁਸ਼ਟੀ ਕੀਤੀ। ਪਾਕਿਸਤਾਨ ’ਚ ਚੀਨੀ ਦੂਤਘਰ ਨੇ ਰਾਤ 11 ਵਜੇ ਦੇ ਨੇੜੇ ਹੋਏ ਧਮਾਕੇ ’ਚ ਪੋਰਟ ਕਾਸਿਮ ਇਲੈਕਟ੍ਰਿਕ ਪਾਵਰ ਕੰਪਨੀ ’ਚ ਕੰਮ ਕਰਨ ਵਾਲੇ ਆਪਣੇ ਦੋ ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ, ਪਰ ਸਮਾਚਾਰ ਏਜੰਸੀ ਏਐੱਨਆਈ ਨੇ ਪਾਕਿਸਤਾਨੀ ਸਮਾਚਾਰ ਚੈਨਲ ਏਆਰਵਾਈ ਦੇ ਹਵਾਲੇ ਨਾਲ ਤਿੰਨ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਹੈ। ਤੀਜੇ ਦੀ ਨਾਗਰਿਕਤਾ ਸਪੱਸ਼ਟ ਨਹੀਂ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਕਿ ਹਮਲਾਵਰ ਪਾਕਿਸਤਾਨ ਦੇ ਦੁਸ਼ਮਣ ਹਨ। ਪਾਕਿਸਤਾਨ ਆਪਣੇ ਚੀਨੀ ਦੋਸਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ’ਚ ਕੋਈ ਕਸਰ ਨਹੀਂ ਛੱਡੇਗਾ। ਚੀਨੀ ਦੂਤਘਰ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਦੇ ਹੋਏ ਆਪਣੇ ਨਾਗਰਿਕਾਂ ਦੀ ਹੱਤਿਆ ਦੀ ਨਿੰਦਾ ਕੀਤੀ ਹੈ।