ਨਵੀਂ ਦਿੱਲੀ – ਭਾਰਤ ਦੇ ਦੌਰੇ ‘ਤੇ ਆਏ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਹੁਣ ਸੁਰ ਬਦਲ ਲਏ ਹੈ। ਮੁਈਜ਼ੂ ਨੇ ਕਿਹਾ ਕਿ ਉਹ ਭਾਰਤ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਲਈ ਕੁਝ ਨਹੀਂ ਕਰੇਗਾ ਤੇ ਉਹ ਦਿੱਲੀ ਨੂੰ ਆਪਣਾ ਕੀਮਤੀ ਦੋਸਤ ਮੰਨਦਾ ਹੈ।
ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਜਿਵੇਂ ਹੀ ਦਿੱਲੀ ਪੁੱਜੇ ਤਾਂ ਰਾਸ਼ਟਰਪਤੀ ਭਵਨ ਦੇ ਵਿਹੜੇ ਵਿੱਚ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ।
‘ਇੰਡੀਆ ਆਊਟ’ ਮੁਹਿੰਮ ਚਲਾਉਣ ਵਾਲੇ ਮੁਈਜ਼ੂ ਨੇ ਭਾਰਤ ਪਹੁੰਚਦੇ ਹੀ ਵੱਡਾ ਯੂ-ਟਰਨ ਲੈ ਲਿਆ। ਰਾਸ਼ਟਰਪਤੀ ਮੁਈਜ਼ੂ ਨੇ ਕਿਹਾ ਕਿ ਭਾਰਤ ਨਾਲ ਉਸਦੇ ਸਬੰਧ “ਸਤਿਕਾਰ ਅਤੇ ਸਾਂਝੇ ਹਿੱਤਾਂ ‘ਤੇ ਅਧਾਰਤ ਹਨ” ਅਤੇ ਇਹ ਪ੍ਰਮੁੱਖ ਵਪਾਰ ਅਤੇ ਵਿਕਾਸ ਭਾਈਵਾਲਾਂ ਵਿੱਚੋਂ ਇੱਕ ਰਿਹਾ ਹੈ ਅਤੇ ਰਹੇਗਾ।
ਉਨ੍ਹਾਂ ਅੱਗੇ ਕਿਹਾ ਕਿ ਆਪਣੇ ਗੁਆਂਢੀਆਂ ਤੇ ਦੋਸਤਾਂ ਦਾ ਸਤਿਕਾਰ ਸਾਡੇ ਡੀਐਨਏ ਵਿੱਚ ਹੈ। ਇਸ ਤੋਂ ਬਾਅਦ ਮੁਈਜ਼ੂ ਨੇ ਭਾਰਤੀ ਸੈਲਾਨੀਆਂ ਨੂੰ ਵਾਪਸ ਆਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ, “ਭਾਰਤੀ ਹਮੇਸ਼ਾ ਸਕਾਰਾਤਮਕ ਯੋਗਦਾਨ ਦਿੰਦੇ ਹਨ, ਸਾਡੇ ਦੇਸ਼ ਵਿੱਚ ਭਾਰਤੀ ਸੈਲਾਨੀਆਂ ਦਾ ਸਵਾਗਤ ਹੈ।
ਮਾਲਦੀਵ ਦੇ ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਅਸੀਂ ਭਾਰਤ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਲਈ ਕਦੇ ਵੀ ਅਜਿਹਾ ਨਹੀਂ ਕਰਾਂਗੇ। ਅਸੀਂ ਵੱਖ-ਵੱਖ ਖੇਤਰਾਂ ਵਿੱਚ ਦੂਜੇ ਦੇਸ਼ਾਂ ਨਾਲ ਸਹਿਯੋਗ ਵਧਾ ਰਹੇ ਹਾਂ ਪਰ ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਸਾਡੀਆਂ ਕਾਰਵਾਈਆਂ ਸਾਡੇ ਖੇਤਰ ਦੀ ਸੁਰੱਖਿਆ ਅਤੇ ਸਥਿਰਤਾ ਨਾਲ ਸਮਝੌਤਾ ਨਾ ਕਰਨ।
ਮੁਈਜ਼ੂ ਨੇ ਆਪਣੀ ‘ਮਾਲਦੀਵਜ਼ ਫਸਟ’ ਨੀਤੀ ਨੂੰ ਰੇਖਾਂਕਿਤ ਕਰਦੇ ਹੋਏ, ਕਿਹਾ ਕਿ ਮਾਲਦੀਵ ਲਈ ਅੰਤਰਰਾਸ਼ਟਰੀ ਸਬੰਧਾਂ ਨੂੰ ਵਿਭਿੰਨ ਬਣਾਉਣਾ ਅਤੇ ਕਿਸੇ ਇੱਕ ਦੇਸ਼ ‘ਤੇ ਬਹੁਤ ਜ਼ਿਆਦਾ ਨਿਰਭਰਤਾ ਨੂੰ ਘਟਾਉਣਾ ਮਹੱਤਵਪੂਰਨ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਅਜਿਹੀ ਸ਼ਮੂਲੀਅਤ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਨਹੀਂ ਪਹੁੰਚਾਏਗੀ।