ਪੈਗੰਬਰ ਮੁਹੰਮਦ ਖਿਲਾਫ਼ ਨਰਸਿੰਘਾਨੰਦ ਦੇ ਬਿਆਨ ‘ਤੇ ਮਹਾਰਾਸ਼ਟਰ ‘ਚ ਹੰਗਾਮਾ

ਅਮਰਾਵਤੀ : ਮਹਾਰਾਸ਼ਟਰ ਦੇ ਅਮਰਾਵਤੀ ‘ਚ ਹਿੰਦੂ ਸੰਤ ਯਤੀ ਨਰਸਿੰਘਾਨੰਦ ਵੱਲੋਂ ਪੈਗੰਬਰ ਮੁਹੰਮਦ ਖਿਲਾਫ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਯਤੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰ ਰਹੀ ਭੀੜ ਨੇ ਪੁਲਿਸ ’ਤੇ ਪਥਰਾਅ ਕੀਤਾ, ਜਿਸ ਵਿਚ 21 ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ।

ਪੁਲਿਸ ਨੇ ਕਿਹਾ ਕਿ ਬਾਅਦ ‘ਚ ਗਾਜ਼ੀਆਬਾਦ ਸਥਿਤ ਹਿੰਦੂ ਸੰਤ ਯਤੀ ਨਰਸਿੰਘਾਨੰਦ ਮਹਾਰਾਜ ਖਿਲਾਫ ਪੈਗੰਬਰ ਖਿਲਾਫ ਉਨ੍ਹਾਂ ਦੀ ਟਿੱਪਣੀ ਲਈ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਮਰਾਵਤੀ ਸ਼ਹਿਰ ਦੇ ਨਾਗਪੁਰੀ ਗੇਟ ਥਾਣੇ ਦੇ ਬਾਹਰ ਸ਼ੁੱਕਰਵਾਰ ਰਾਤ ਨੂੰ ਪਥਰਾਅ ਦੀ ਘਟਨਾ ‘ਚ ਘੱਟੋ-ਘੱਟ 10 ਪੁਲਿਸ ਵੈਨਾਂ ਨੂੰ ਨੁਕਸਾਨ ਪਹੁੰਚਿਆ।

ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ ‘ਚ 1200 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਪੁਲਿਸ ਨੇ ਇਨ੍ਹਾਂ ‘ਚੋਂ 26 ਦੀ ਪਛਾਣ ਕਰ ਲਈ ਹੈ।

ਅਮਰਾਵਤੀ ਦੇ ਪੁਲਿਸ ਕਮਿਸ਼ਨਰ ਨਵੀਨ ਚੰਦਰ ਰੈੱਡੀ ਨੇ ਕਿਹਾ ਕਿ ਕੁਝ ਸੰਗਠਨਾਂ ਦੇ ਮੈਂਬਰਾਂ ਸਮੇਤ ਵੱਡੀ ਭੀੜ ਰਾਤ 8.15 ਵਜੇ ਦੇ ਕਰੀਬ ਨਾਗਪੁਰੀ ਗੇਟ ਥਾਣੇ ‘ਚ ਆਈ ਤੇ ਗਾਜ਼ੀਆਬਾਦ ਸਥਿਤ ਯਤੀ ਨਰਸਿੰਘਾਨੰਦ ਮਹਾਰਾਜ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ।

ਉਨ੍ਹਾਂ ਦੱਸਿਆ ਕਿ ਉਸ ਥਾਣੇ ਦੇ ਇੰਚਾਰਜ ਨੇ ਭੀੜ ਨੂੰ ਦੱਸਿਆ ਕਿ ਉਨ੍ਹਾਂ ਦੀ ਮੰਗ ਸਬੰਧੀ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ ਅਤੇ ਜਾਂਚ ਚੱਲ ਰਹੀ ਹੈ, ਜਿਸ ਤੋਂ ਬਾਅਦ ਭੀੜ ਵਾਪਸ ਚਲੀ ਗਈ।

ਰੈਡੀ ਨੇ ਕਿਹਾ ਕਿ ਜਦੋਂ ਕੁਝ ਲੋਕਾਂ ਨੇ ਯਤੀ ਦੀਆਂ ਟਿੱਪਣੀਆਂ ਦੀ ਵੀਡੀਓ ਵਾਇਰਲ ਕੀਤੀ ਤਾਂ ਲੋਕਾਂ ਦਾ ਵੱਡਾ ਸਮੂਹ ਨਾਗਪੁਰੀ ਗੇਟ ਥਾਣੇ ਵਾਪਸ ਆ ਗਿਆ। ਪਰ ਜਦੋਂ ਪੁਲਿਸ ਅਧਿਕਾਰੀ ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਸ ਨੇ ਅਚਾਨਕ ਪੁਲਿਸ ‘ਤੇ ਪਥਰਾਅ ਸ਼ੁਰੂ ਕਰ ਦਿੱਤਾ।

ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਥਿਤੀ ਨੂੰ ਚੰਗੀ ਤਰ੍ਹਾਂ ਸੰਭਾਲਿਆ ਤੇ ਭੀੜ ਨੂੰ ਖਿੰਡਾਇਆ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਵਾਧੂ ਪੁਲਿਸ ਫੋਰਸ ਭੇਜ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹਮਲੇ ‘ਚ ਕੁਝ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਜ਼ਖ਼ਮੀ ਹੋਏ ਹਨ ਅਤੇ ਪੁਲਿਸ ਭੀੜ ਖ਼ਿਲਾਫ਼ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ (BNSS) ਦੀ ਧਾਰਾ 163 ਤਹਿਤ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ, ਜਿਸ ਤਹਿਤ ਨਾਗਪੁਰੀ ਗੇਟ ਖੇਤਰ ਵਿੱਚ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਮਨਾਹੀ ਹੈ।