ਹਾਜੀਗੰਜ : ਸੋਰਾਂਵ ਇਲਾਕੇ ‘ਚ ਅੱਠ ਸਾਲਾ ਬੱਚੀ ਨਾਲ ਜਬਰ-ਜਨਾਹ ਤੋਂ ਬਾਅਦ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਦੋਵੇਂ ਹੱਥ ਤੋੜ ਕੇ ਅਤੇ ਸਿਰ ਕੁਚਲ ਕੇ ਮਾਰਿਆ ਗਿਆ ਹੈ। ਪਰਿਵਾਰ ਨੂੰ ਉਸ ਦੀ ਲਾਸ਼ ਘਰ ਤੋਂ 200 ਮੀਟਰ ਦੂਰ ਝੋਨੇ ਦੇ ਖੇਤ ‘ਚ ਪਈ ਮਿਲੀ। ਪਰਿਵਾਰਕ ਮੈਂਬਰਾਂ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਸੋਰਾਂਵ ਇਲਾਕੇ ਦੀ ਰਹਿਣ ਵਾਲੀ ਅੱਠ ਸਾਲਾ ਬੱਚੀ ਦੂਜੀ ਜਮਾਤ ‘ਚ ਪੜ੍ਹਦੀ ਸੀ ਅਤੇ ਪੰਜ ਭੈਣਾਂ-ਭਰਾਵਾਂ ‘ਚੋਂ ਚੌਥੇ ਨੰਬਰ ਦੀ ਸੀ। ਉਹ ਵੀਰਵਾਰ ਸ਼ਾਮ ਨੂੰ ਦੁਰਗਾ ਪੂਜਾ ‘ਚ ਹਿੱਸਾ ਲੈਣ ਲਈ ਘਰੋਂ ਨਿਕਲੀ ਸੀ। ਉਸ ਨੂੰ ਕਾਫੀ ਦੇਰ ਹੋ ਗਈ ਤਾਂ ਪਰਿਵਾਰ ਨੂੰ ਚਿੰਤਾ ਹੋ ਗਈ। ਵੱਡਾ ਭਰਾ ਉਸ ਦੀ ਭਾਲ ਲਈ ਦੁਰਗਾ ਪੰਡਾਲ ਗਿਆ, ਪਰ ਉੱਥੇ ਉਹ ਨਹੀਂ ਮਿਲਿਆ। ਪਰਿਵਾਰ ਦੇ ਸਾਰੇ ਮੈਂਬਰਾਂ ਨੇ ਪੂਰੇ ਪਿੰਡ ‘ਚ ਭਾਲ ਕੀਤੀ ਪਰ ਉਸ ਦਾ ਕਿਤੇ ਪਤਾ ਨਹੀਂ ਚੱਲਿਆ।
ਸ਼ੁੱਕਰਵਾਰ ਸਵੇਰੇ ਕਰੀਬ 8 ਵਜੇ ਪਿੰਡ ਵਾਸੀਆਂ ਨੂੰ ਲੜਕੀ ਦੀ ਲਾਸ਼ ਘਰ ਤੋਂ ਕਰੀਬ 200 ਮੀਟਰ ਦੀ ਦੂਰੀ ‘ਤੇ ਪਈ ਮਿਲੀ। ਸੂਚਨਾ ਮਿਲਣ ‘ਤੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਤੇ ਲੜਕੀ ਦੀ ਲਾਸ਼ ਦੇਖ ਕੇ ਰੋਣ ਲੱਗ ਪਏ। ਲੜਕੀ ਦੇ ਕੱਪੜੇ ਉਸ ਦੀ ਲਾਸ਼ ਤੋਂ ਕੁਝ ਦੂਰੀ ‘ਤੇ ਪਏ ਸਨ। ਉਸ ਦਾ ਸਰੀਰ ਕਿਸੇ ਵਜ਼ਨਦਾਰ ਚੀਜ਼ ਨਾਲ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ।
ਡੀਸੀਪੀ ਦੇ ਨਾਲ ਫੋਰੈਂਸਿਕ ਤੇ ਡੌਗ ਸਕੁਐਡ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ, ਜਿਸ ‘ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ‘ਤੇ ਸ਼ੱਕ ਨਹੀਂ ਹੈ। ਪੁਲਿਸ ਨੂੰ ਪਿੰਡ ਵਾਸੀਆਂ ਤੋਂ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ। ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਗੰਗਾਨਗਰ ਦੇ ਡੀਸੀਪੀ ਕੁਲਦੀਪ ਸਿੰਘ ਗੁਣਾਵਤ ਨੇ ਦੱਸਿਆ ਕਿ ਲੜਕੀ ਦੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਪਤਾ ਲੱਗੇਗਾ ਕਿ ਉਸ ਨਾਲ ਜਬਰ ਜਨਾਹ ਹੋਇਆ ਹੈ ਜਾਂ ਨਹੀਂ। ਪੁਲਿਸ ਤੇ ਐਸਓਜੀ ਦੀਆਂ ਤਿੰਨ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਚੌਕਸੀ ਟੀਮ ਦੀ ਮਦਦ ਨਾਲ ਜਲਦੀ ਹੀ ਘਟਨਾ ਦਾ ਪਰਦਾਫਾਸ਼ ਕੀਤਾ ਜਾਵੇਗਾ।