ਸਿਓਲ – ਉੱਤਰੀ ਕੋਰਿਆਈ ਨੇਤਾ ਕਿਮ ਜੋਂਗ ਉਨ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਜੇ ਉਕਸਾਵੇ ਦੀ ਕਾਰਵਾਈ ਕੀਤੀ ਗਈ ਤਾਂ ਉਹ ਪਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ ਤੇ ਦੱਖਣੀ ਕੋਰੀਆ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ। ਦਰਅਸਲ, ਮੰਗਲਵਾਰ ਨੂੰ ਦੱਖਣੀ ਕੋਰਿਆਈ ਰਾਸ਼ਟਰਪਤੀ ਯੂਨ ਸੁਕ ਨੇ ਹਥਿਆਰਬੰਦ ਬਲ ਦਿਵਸ ’ਤੇ ਕਿਹਾ ਸੀ ਕਿ ਜੇ ਕਿਮ ਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਸ਼ਾਸਨ ਤਬਾਹ ਹੋ ਜਾਵੇਗਾ।
ਕਿਮ ਜੋਂਗ ਉਨ ਨੇ ਉੱਤਰੀ ਕੋਰੀਆ ਦੇ ਖ਼ਿਲਾਫ਼ ਫ਼ੌਜੀ ਕਾਰਵਾਈ ਦੀ ਗੱਲ ਕਰਨ ਲਈ ਦੱਖਣੀ ਕੋਰਿਆਈ ਰਾਸ਼ਟਰਪਤੀ ਦੀ ਸਖ਼ਤ ਨਿਖੇਧੀ ਕਰਦੇ ਹੋਏ ਤੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਬਿਮਾਰ ਇਨਸਾਨ ਦੱਸਿਆ। ਉਨ੍ਹਾਂ ਦੀ ਭੈਣ ਕਿਮ ਯੋ ਜਾਂਗ ਨੇ ਦੱਖਣੀ ਕੋਰੀਆ ਦੇ ਆਰਮਡ ਫੋਰਸ ਦਿਹਾੜੇ ਦੇ ਸਮਾਰੋਹ ਨੂੰ ਮੂਰਖਤਾਪੂਰਨ ਕਰਾਰ ਦਿੱਤਾ ਤੇ ਇਸ ਦੌਰਾਨ ਪੇਸ਼ ਕੀਤੀ ਗਈ ਹਿਊਨਮੂ-5 ਮਿਜ਼ਾਈਲ ਨੂੰ ਬੇਕਾਰ ਦੱਸਿਆ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਸਟਾਫ ਨੇ ਕਿਹਾ ਕਿ ਫ਼ੌਜ ਉੱਤਰੀ ਕੋਰੀਆ ਵੱਲੋਂ ਦਿੱਤੀ ਗਈ ਧਮਕੀ ਨੂੰ ਲੈ ਕੇ ਜ਼ਰੂਰੀ ਤਿਆਰੀ ਕਰ ਰਹੀ ਹੈ।