ਨਵੇਂ-ਪੁਰਾਣੇ ਆਗੂਆਂ ‘ਚ ਤਾਲਮੇਲ ਦੀ ਕਮੀ ਕਾਰਨ ਮੈਂਬਰਸ਼ਿਪ ਮੁਹਿੰਮ ਠੁੱਸ, ਪੰਜਾਬ ਭਾਜਪਾ ਪ੍ਰਧਾਨ ਜਾਖੜ ਨੇ ਧਾਰੀ ਚੁੱਪੀ

ਚੰਡੀਗੜ੍ਹ :ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿਚ ਮੈਂਬਰਸ਼ਿਪ ਮੁਹਿੰਮ ਧੜੇਬੰਦੀ ਦਾ ਸ਼ਿਕਾਰ ਹੋ ਗਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਬਿਲਕੁੱਲ ਚੁੱਪ ਹਨ, ਉਹ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਵਿਚ ਹਿੱਸਾ ਨਹੀ ਲੈ ਰਹੇ, ਉਥੇ ਪਾਰਟੀ ਦੇ ਟਕਸਾਲੀ ਤੇ ਪੁਰਾਣੇ ਮੈਂਬਰ ਵੀ ਪਾਰਟੀ ਵਿਚ ਦੂਜੀਆਂ ਪਾਰਟੀਆਂ ਵਿਚੋਂ ਥੋਕ ਦੇ ਭਾਅ ਸ਼ਾਮਲ ਕੀਤੇ ਆਗੂਆਂ ਕਾਰਨ ਬਹੁਤ ਦਿਲਚਸਪੀ ਨਹੀਂ ਦਿਖਾ ਰਹੇ। ਦੱਸਿਆ ਜਾਂਦਾ ਹੈ ਕਿ ਹੁਣ ਤੱਕ ਪੰਜਾਬ ਵਿਚ ਕਰੀਬ ਚਾਰ ਲੱਖ ਮੈਂਬਰ ਹੀ ਭਰਤੀ ਹੋਏ ਹਨ। ਜਦਕਿ ਸਾਲ 2014 ਵਿਚ ਭਾਜਪਾ ਦੀ ਸੂਬੇ ਵਿਚ 23 ਲੱਖ ਦੇ ਕਰੀਬ ਮੈਂਬਰਸ਼ਿਪ ਸੀ।

ਜਾਣਕਾਰੀ ਅਨੁਸਾਰ, ਪੰਜਾਬ ਭਾਜਪਾ ਨੇ ਸੂਬੇ ਵਿਚ ਸਤੰਬਰ ਮਹੀਨੇ ’ਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਹੁਣ ਤੱਕ ਚਾਰ ਲੱਖ ਦੇ ਕਰੀਬ ਮੈਂਬਰ ਬਣ ਸਕੇ ਹਨ। ਭਾਵੇ ਕਿ ਪਾਰਟੀ ਹਾਈਕਮਾਨ ਨੇ ਪੰਚਾਇਤ ਚੋਣਾਂ ਦਾ ਹਵਾਲਾ ਦਿੰਦਿਆਂ ਮੈਂਬਰਸ਼ਿਪ ਮੁਹਿੰਮ 15 ਅਕਤੂਬਰ ਤੱਕ ਰੋਕ ਦਿੱਤੀ ਹੈ, ਪਰ ਚਰਚਾ ਹੈ ਕਿ ਪਾਰਟੀ ਵਿਚ ਚੱਲ ਰਹੀ ਧੜੇਬੰਦੀ ਕਾਰਨ ਪਾਰਟੀ ਹਾਈਕਮਾਨ ਡਾਹਢੀ ਪਰੇਸ਼ਾਨ ਹੈ। ਪਿਛਲੇ ਦਿਨ ਪਾਰਟੀ ਦੇ ਸੂਬਾ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਪਾਰਟੀ ਆਗੂਆਂ ਨਾਲ ਮੀਟਿੰਗ ਕਰ ਕੇ ਘੱਟ ਮੈਂਬਰਸ਼ਿਪ ਹੋਣ ਅਤੇ ਗੁੱਟਬਾਜ਼ੀ ਹੋਣ ਕਰਕੇ ਸੂਬਾਈ ਆਗੂਆਂ ਦੀ ਚੰਗੀ ਕਲਾਸ ਲਾਈ ਸੀ।

ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ ਭਾਜਪਾ ਨੇ 18.57 ਫੀਸਦੀ ਵੋਟ ਸ਼ੇਅਰ ਲੈ ਕੇ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੈਰਾਨ ਕਰ ਦਿੱਤਾ ਅਤੇ ਪਾਰਟੀ ਹਾਈਕਮਾਨ ਨੂੰ ਉਮੀਦ ਸੀ ਕਿ ਇਸ ਵਾਰ ਮੈਂਬਰਸ਼ਿਪ ਮੁਹਿੰਮ ਪਿਛਲਾ ਰਿਕਾਰਡ ਤੋੜ ਦੇਵੇਗੀ। ਪਰ ਨਵੇਂ ਅਤੇ ਪੁਰਾਣੇ ਆਗੂਆਂ ਵਿਚ ਤਾਲਮੇਲ ਨਾ ਬੈਠਣ ਕਾਰਨ ਮੈਂਬਰਸ਼ਿਪ ਮੁਹਿੰਮ ਠੁੱਸ ਹੋ ਕੇ ਰਹਿ ਗਈ ਹੈ। ਸਾਲ 2014 ‘ਚ ਮੈਂਬਰਸ਼ਿਪ ਮੁਹਿੰਮ ਦੀ ਕਮਾਨ ਤਤਕਾਲੀ ਮਰਹੂਮ ਪ੍ਰਧਾਨ ਕਮਲ ਸ਼ਰਮਾ ਦੇ ਹੱਥਾਂ ਵਿੱਚ ਸੀ। ਉਸ ਵਕਤ ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਸੀ ਅਤੇ ਭਾਜਪਾ 23 ਵਿਧਾਨ ਸਭਾ ਸੀਟਾਂ ‘ਤੇ ਚੋਣ ਲੜਦੀ ਹੁੰਦੀ ਸੀ। ਇਹ ਲਗਪਗ ਸ਼ਹਿਰੀ ਸੀਟਾਂ ਹੁੰਦੀਆਂ ਸਨ। ਉਸ ਵਕਤ ਭਾਜਪਾ ਨੇ 23 ਲੱਖ ਮੈਂਬਰ ਬਣਾਏ ਸਨ।

ਪਤਾ ਲੱਗਿਆ ਹੈ ਕਿ ਭਾਜਪਾ ਨੇ ਹਰੇਕ ਬੂਥ ‘ਤੇ 200 ਮੈਂਬਰ ਬਣਾਉਣ ਦਾ ਟੀਚਾ ਰੱਖਿਆ ਸੀ। ਪੰਜਾਬ ਵਿਚ 24,451 ਬੂਥ ਹਨ। ਇਸ ਅਨੁਪਾਤ ਵਿਚ ਭਾਜਪਾ ਦਾ ਟੀਚਾ 48.90 ਲੱਖ ਮੈਂਬਰ ਬਣਾਉਣ ਦਾ ਸੀ ਪਰ ਪਾਰਟੀ ਦੀ ਉਮੀਦ ਮੁਤਾਬਿਕ ਮੈਂਬਰਸ਼ਿਪ ਮੁਹਿੰਮ ਨੇ ਅਸਰ ਨਹੀਂ ਦਿਖਾਇਆ। ਸੂਬਾ ਇੰਚਾਰਜ ਵਿਜੇ ਰੂਪਾਨੀ ਨੇ ਪਾਰਟੀ ਆਗੂਆਂ ਦੀ ਖਿਚਾਈ ਕਰਦੇ ਹੋਏ ਹਰੇਕ ਬੂਥ ‘ਤੇ 200 ਮੈਂਬਰ ਬਣਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਭਾਵੇਂ ਗ੍ਰਾਮ ਪੰਚਾਇਤ ਦੇ ਮੱਦੇਨਜ਼ਰ ਪਾਰਟੀ ਨੇ ਮੈਂਬਰਸ਼ਿਪ ਮੁਹਿੰਮ 15 ਅਕਤੂਬਰ ਤੱਕ ਰੋਕ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਪਾਰਟੀ ਵਿਚ ਪੁਰਾਣੇ ਅਤੇ ਨਵੇਂ ਆਗੂਆਂ ਵਿਚ ਕੋਈ ਤਾਲਮੇਲ ਨਹੀਂ ਹੈ, ਇਹੀ ਕਾਰਨ ਹੈ ਕਿ ਸੁਨੀਲ ਜਾਖੜ ਨਾਰਾਜ਼ ਹੋ ਕੇ ਘਰ ਬੈਠ ਗਏ ਹਨ।

ਜਾਖੜ ਨੇ ਪਾਰਟੀ ਹਾਈਕਮਾਨ ਨੂੰ ਨਵਾਂ ਪ੍ਰਧਾਨ ਲਗਾਉਣ ਲਈ ਕਹਿ ਦਿੱਤਾ ਹੈ। ਭਾਵੇਂ ਪਾਰਟੀ ਹਾਈਕਮਾਨ ਜਾਖੜ ਨੂੰ ਹੀ ਪਾਰਟੀ ਪ੍ਰਧਾਨ ਦੱਸ ਰਹੀ ਹੈ, ਪਰ ਇਹ ਗੱਲ ਤੈਅ ਹੈ ਕਿ ਹੁਣ ਜਾਖੜ ਪ੍ਰ੍ਧਾਨ ਵਜੋਂ ਪਾਰਟੀ ਦੀ ਕਮਾਨ ਨਹੀਂ ਸੰਭਾਲਣਗੇ। ਚਰਚਾ ਹੈ ਕਿ ਜੇਕਰ ਪਾਰਟੀ ਹਾਈਕਮਾਨ ਨੇ ਨਵੇਂ ਤੇ ਪੁਰਾਣੇ ਆਗੂਆਂ ਵਿਚਕਾਰ ਪਈ ਦਰਾਰ ਨੂੰ ਨਾ ਭਰਿਆ ਤਾਂ ਨਾ ਸਿਰਫ ਇਸਦਾ ਅਸਰ ਮੈਂਬਰਸ਼ਿਪ ਮੁਹਿੰਮ ’ਤੇ ਪਵੇਗਾ ਬਲਕਿ ਪਾਰਟੀ ਦਾ ਅੰਦਰੂਨੀ ਕਲੇਸ਼ ਵੀ ਵੱਧਦਾ ਜਾਵੇਗਾ।