ਕੰਗਨਾ ਨੇ ਗਾਂਧੀ ਜੈਅੰਤੀ ਮੌਕੇ ਦਿੱਤਾ ਵਿਵਾਦਤ ਬਿਆਨ

ਮੰਡੀ-ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਭਾਜਪਾ ਦੀ ਲੋਕ ਸਭਾ ਮੈਂਬਰ ਕੰਗਨਾ ਰਣੌਤ ਨੇ ਇੰਸਟਗ੍ਰਾਮ ’ਤੇ ਪੋਸਟ ਪਾ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਉਸ ਨੇ ਆਪਣੀ ਪੋਸਟ ਰਾਹੀਂ ਰਾਸ਼ਟਰਪਿਤਾ ਦੀ ਵਿਰਾਸਤ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਕੰਗਨਾ ਸਿੱਖਾਂ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੇ ਵਿਵਾਦਤ ਬਿਆਨਾਂ ਰਾਹੀਂ ਪਹਿਲਾਂ ਤੋਂ ਹੀ ਸੁਰਖੀਆਂ ’ਚ ਹੈ। ਹੁਣ ਜਦੋਂ ਪੂਰਾ ਮੁਲਕ ਗਾਂਧੀ ਜੈਅੰਤੀ ਮੌਕੇ ਮਹਾਤਮਾ ਗਾਂਧੀ ਨੂੰ ਸ਼ਰਧਾਲੀਆਂ ਭੇਟ ਕਰ ਰਿਹਾ ਸੀ ਤਾਂ ਭਾਜਪਾ ਆਗੂ ਕੰਗਨਾ ਨੇ ਮੁੜ ਵਿਵਾਦ ਖੜ੍ਹਾ ਕਰ ਦਿੱਤਾ। ਆਪਣੇ ਸੁਨੇਹੇ ’ਚ ਕੰਗਨਾ ਨੇ ਕਿਹਾ, ‘ਦੇਸ਼ ਦੇ ਪਿਤਾ ਨਹੀਂ ਦੇਸ਼ ਦੇ ਤਾਂ ਲਾਲ ਹੁੰਦੇ ਹਨ। ਧੰਨ ਨੇ ਭਾਰਤ ਮਾਂ ਦੇ ਇਹ ਲਾਲ।’ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ‘ਭਾਰਤ ਮਾਤਾ ਦੇ ਲਾਲ’ ਕਰਾਰ ਦਿੱਤਾ ਹੈ ਅਤੇ ਲੁਕਵੇਂ ਸ਼ਬਦਾਂ ’ਚ ਮਹਾਤਮਾ ਗਾਂਧੀ ਨੂੰ ਮਿਲੇ ਰਾਸ਼ਟਰਪਿਤਾ ਦੇ ਦਰਜੇ ’ਤੇ ਟਿੱਪਣੀ ਕੀਤੀ। ਕੰਗਨਾ ਦੇ ਇਸ ਬਿਆਨ ਦਾ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਅਤੇ ਕਿਹਾ ਗਿਆ ਕਿ ਭਾਰਤ ਦੇ ਸੁਤੰਤਰਤਾ ਸੰਗਰਾਮ ’ਚ ਮਹਾਤਮਾ ਗਾਂਧੀ ਦੀ ਅਹਿਮ ਭੂਮਿਕਾ ਨੂੰ ਅਣਗੌਲਿਆ ਕਰਨ ਦੀ ਇਹ ਕੋਸ਼ਿਸ਼ ਹੈ।