ਪ੍ਰਸ਼ਾਂਤ ਕਿਸ਼ੋਰ ਵੱਲੋਂ ‘ਜਨ ਸੁਰਾਜ ਪਾਰਟੀ’ ਦਾ ਆਗ਼ਾਜ਼

ਪਟਨਾ-ਸਾਬਕਾ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਇਥੇ ਆਪਣੀ ਸਿਆਸੀ ਜਥੇਬੰਦੀ ‘ਜਨ ਸੁਰਾਜ ਪਾਰਟੀ’ ਦਾ ਬਾਕਾਇਦਾ ਐਲਾਨ ਕਰ ਦਿੱਤਾ ਹੈ। ਕਿਸ਼ੋਰ ਨੇ ਮਧੂਬਨੀ ਦੇ ਜੰਮਪਲ ਸਾਬਕਾ ਆਈਐੱਫਐੱਸ ਅਧਿਕਾਰੀ ਮਨੋਜ ਭਾਰਤੀ ਨੂੰ ਆਪਣੀ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਾਮਜ਼ਦ ਕੀਤਾ ਹੈ। ਕਿਸ਼ੋਰ ਨੇ ਕਿਹਾ ਕਿ ਭਾਰਤੀ ਮਾਰਚ ਮਹੀਨੇ ਹੋਣ ਵਾਲੀਆਂ ਪਾਰਟੀ ਦੀਆਂ ਜਥੇਬੰਦਕ ਚੋਣਾਂ ਤੱਕ ਇਸ ਅਹੁਦੇ ’ਤੇ ਰਹਿਣਗੇ। ਚੋਣ ਰਣਨੀਤੀਕਾਰ ਤੋਂ ਕਾਰਕੁਨ ਬਣੇ ਕਿਸ਼ੋਰ ਨੇ ਨਵੀਂ ਪਾਰਟੀ ਦਾ ਆਗਾਜ਼ ਅੱਜ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਇਥੋਂ ਦੇ ਵੈਟਰਨਰੀ ਕਾਲਜ ਦੇ ਮੈਦਾਨ ਵਿਚ ਇਕ ਰੈਲੀ ਦੌਰਾਨ ਕੀਤਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਦੇਵੇਂਦਰ ਪ੍ਰਸਾਦ ਯਾਦਵ, ਕੂਟਨੀਤਕ ਤੋਂ ਸਿਆਸਤਦਾਨ ਬਣੇ ਪਵਨ ਵਰਮਾ ਅਤੇ ਸਾਬਕਾ ਐੱਮਪੀ ਮੁਨਾਜ਼ਿਰ ਹਸਨ ਆਦਿ ਹਾਜ਼ਰ ਸਨ।

ਕਿਸ਼ੋਰ ਪੂਰੇ ਦੋ ਸਾਲ ਪਹਿਲਾਂ ਬਿਹਾਰ ਦੀ 3000 ਕਿਲੋਮੀਟਰ ਲੰਬੀ ‘ਪਦਯਾਤਰਾ’ ਉੱਤੇ ਨਿਕਲੇ ਸਨ। ਇਹ ਪਦਯਾਤਰਾ ਚੰਪਾਰਨ ਤੋਂ ਸ਼ੁਰੂ ਕੀਤੀ ਗਈ ਸੀ, ਜਿੱਥੋਂ ਮਾਤਮਾ ਗਾਂਧੀ ਨੇ ਦੇਸ਼ ਵਿਚ ਆਪਣਾ ਸੱਤਿਆਗ੍ਰਹਿ ਆਰੰਭ ਕੀਤਾ ਸੀ। ਕਿਸ਼ੋਰ ਬਿਹਾਰ ਦੇ ਰੋਹਤਾਸ ਜ਼ਿਲ੍ਹੇ ਦੇ ਜੰਮਪਲ ਅਤੇ ਬ੍ਰਾਹਮਣ ਭਾਈਚਾਰੇ ਨਾਲ ਸਬੰਧਤ ਹਨ। ਉਨ੍ਹਾਂ ਦਾ ਇਸ ਪਾਰਟੀ ਰਾਹੀਂ ਬਿਹਾਰ ਵਾਸੀਆਂ ਨੂੰ ਇਕ ਨਵਾਂ ਸਿਆਸੀ ਬਦਲ ਦੇਣ ਦਾ ਦਾਅਵਾ ਹੈ। ਆਈ-ਪੈਕ ਦੇ ਬਾਨੀ ਨੇ ਕਿਸ਼ੋਰ ਨੇ ਕਿਹਾ, ‘‘ਜਨ ਸੁਰਾਜ ਇਕ ਅੰਦੋਲਨ ਹੈ, ਜਿਸ ਦਾ ਮੁੱਖ ਮਕਸਦ ਬਿਹਾਰ ਦੇ ਲੋਕਾਂ ਨੂੰ ਇਹ ਸਮਝਾਉਣਾ ਹੈ ਕਿ ਉਹ ਅਜੇ ਤੱਕ ਮਿਆਰੀ ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਨਹੀਂ ਲੈ ਸਕੇ ਕਿਉਂਕਿ ਉਨ੍ਹਾਂ ਅੱਜ ਤੱਕ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਵੋਟ ਨਹੀਂ ਪਾਈ। ਸ਼ਾਇਦ ਕੁਝ ਸਨਕੀ ਸਾਡਾ ਮਖੌਲ ਉਡਾਉਣ ਕਿ ਅਸੀਂ ਪਰਵਾਸ ਬੰਦ ਕਰਕੇ ਵਾਅਦਿਆਂ ਨੂੰ ਪੂਰਾ ਕਿਵੇਂ ਕਰਾਂਗੇ। ਪਰ ਸਾਡੇ ਕੋਲ ਬਲੂਪ੍ਰਿੰਟ ਹੈ। ਸੂਬੇ ਵਿਚ ਸਿੱਖਿਆ ’ਚ ਸੁਧਾਰ ਲਈ ਸਾਨੂੰ 4 ਲੱਖ ਕਰੋੜ ਰੁਪਏ ਤੋਂ ਵੱਧ ਦੀ ਲੋੜ ਹੈ। ਅਸੀਂ (ਸ਼ਰਾਬ ’ਤੇ) ਪਾਬੰਦੀ ਵਾਲੇ ਕਾਨੂੰਨ, ਜਿਨ੍ਹਾਂ ਕਰਕੇ ਸਾਲਾਨਾ 20,000 ਕਰੋੜ ਦਾ ਨੁਕਸਾਨ ਹੋ ਰਿਹਾ ਹੈ, ਖ਼ਤਮ ਕਰਕੇ ਪੈਸਾ ਜੁਟਾਵਾਂਗੇ। ਸਾਨੂੰ ਸੂਬੇ ਨੂੰ ਵਿਸ਼ੇਸ਼ ਦਰਜੇ ਦੇ ਖੋਖਲੇ ਨਾਅਰੇ ਨਹੀਂ ਚਾਹੀਦੇ।