ਜੰਮੂ ਕਸ਼ਮੀਰ: ਤੀਜੇ ਤੇ ਆਖਰੀ ਗੇੜ ਲਈ 68 ਫ਼ੀਸਦ ਤੋਂ ਵੱਧ ਪੋਲਿੰਗ

ਜੰਮੂ ਕਸ਼ਮੀਰ ਅਸੈਂਬਲੀ ਲਈ ਅੱਜ ਤੀਜੇ ਤੇ ਆਖਰੀ ਗੇੜ ਦੀ ਵੋਟਿੰਗ ਦੌਰਾਨ 68.72 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ। ਸਾਂਬਾ ਜ਼ਿਲ੍ਹੇ ਵਿਚ ਸਭ ਤੋਂ ਵੱਧ 73.45 ਫੀਸਦ ਜਦੋਂਕਿ ਸੋਪੋਰ ’ਚ ਸਭ ਤੋਂ ਘੱਟ 41.44 ਫੀਸਦ ਪੋਲਿੰਗ ਹੋਈ। ਤੀਜੇ ਗੇੜ ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਦੀਆਂ 40 ਸੀਟਾਂ ਲਈ ਵੋਟਾਂ ਪਈਆਂ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੋਲਿੰਗ ਸਵੇਰੇ 7 ਵਜੇ ਸ਼ੁਰੂ ਹੋ ਕੇ ਤੇ ਸ਼ਾਮੀਂ 6 ਵਜੇ ਸਮਾਪਤ ਹੋਈ। ਕੌਮਾਂਤਰੀ ਸਰਹੱਦ ਤੇ ਕੰਟਰੋਲ ਰੇਖਾ ਦੇ ਨਾਲ ਵਿਸ਼ੇਸ਼ ਪੋਲਿੰਗ ਸਟੇਸ਼ਨਾਂ ਸਣੇ ਹੋਰਨਾਂ ਥਾਵਾਂ ’ਤੇ ਚੋਣ ਅਮਲ ਅਮਨ-ਅਮਾਨ ਨਾਲ ਨਿੱਬੜ ਗਿਆ। ਧਾਰਾ 370 ਰੱਦ ਕੀਤੇ ਜਾਣ ਮਗਰੋਂ ਜੰਮੂ ਕਸ਼ਮੀਰ ਵਿਚ ਹੋ ਰਹੀਆਂ ਪਲੇਠੀਆਂ ਚੋਣਾਂ ਲਈ ਅੱਜ ਸਵੇਰ ਤੋਂ ਹੀ ਪੋਲਿੰਗ ਸਟੇਸ਼ਨਾਂ ਦੇ ਬਾਹਰ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ।

ਤੀਜੇ ਗੇੜ ਵਿਚ 415 ਉਮੀਦਵਾਰਾਂ ਦਾ ਸਿਆਸੀ ਭਵਿੱਖ ਤੈਅ ਕਰਨ ਲਈ ਕੁੱਲ 39.18 ਲੱਖ ਤੋਂ ਵੱਧ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਯੋਗ ਸਨ। ਪੋਲਿੰਗ ਮਗਰੋਂ ਦੋ ਸਾਬਕਾ ਉਪ ਮੁੱਖ ਮੰਤਰੀਆਂ ਤਾਰਾ ਚੰਦ ਤੇ ਮੁਜ਼ੱਫਰ ਬੇਗ ਤੇ ਕਈ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦਾ ਸਿਆਸੀ ਭਵਿੱਖ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਿਆ। ਪੱਛਮੀ ਪਾਕਿਸਤਾਨੀ ਸ਼ਰਨਾਰਥੀਆਂ, ਵਾਲਮੀਕਿ ਸਮਾਜ ਤੇ ਗੋਰਖਾ ਭਾਈਚਾਰੇ ਦੇ ਮੈਂਬਰਾਂ ਨੇ ਧਾਰਾ 370 ਦੀ ਮਨਸੂਖੀ ਮਗਰੋਂ ਪਹਿਲੀ ਵਾਰ ਵੋਟਾਂ ਪਾਈਆਂ। 18 ਸਤੰਬਰ ਨੂੰ ਪਹਿਲੇ ਗੇੜ ਵਿਚ 61.38 ਫੀਸਦ ਤੇ 25 ਸਤੰਬਰ ਨੂੰ ਦੂੂਜੇ ਗੇੜ ਦੌਰਾਨ 57.31 ਫੀਸਦ ਪੋਲਿੰਗ ਦਰਜ ਹੋਈ ਸੀ। ਨਤੀਜਿਆਂ ਦਾ ਐਲਾਨ 8 ਅਕਤੂੁਬਰ ਨੂੰ ਹੋਵੇਗਾ।

ਅਵਾਮੀ ਇਤਿਹਾਦ ਪਾਰਟੀ ਦੇ ਮੁਖੀ ਤੇ ਬਾਰਾਮੂਲਾ ਤੋਂ ਸੰਸਦ ਮੈਂਬਰ ਇੰਜਨੀਅਰ ਰਾਸ਼ਿਦ ਨੇ ਕੁਪਵਾੜਾ ਦੇ ਪੋਲਿੰਗ ਸਟੇਸ਼ਨ ’ਤੇ ਵੋਟ ਪਾਈ ਜਦੋਂਕਿ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਆਪਣੇ ਪਰਿਵਾਰ ਨਾਲ ਜੰਮੂ ਹਲਕੇ ਵਿਚ ਵੋਟ ਪਾਉਣ ਲਈ ਪੁੱਜੇ। ਡੈਮੋਕਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀਪੀਏਪੀ) ਦੇ ਚੇਅਰਮੈਨ ਗ਼ੁਲਾਮ ਨਬੀ ਆਜ਼ਾਦ ਨੇ ਵੀ ਜੰਮੂ ਵਿਚ ਵੋਟ ਪਾਈ। ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਲੋਨ ਨੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਵਿਚ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਤੀਜੇ ਗੇੜ ਵਿੱਚ ਚੋਣ ਲੜ ਰਹੇ ਪ੍ਰਮੁੱਖ ਉਮੀਦਵਾਰਾਂ ਵਿੱਚ ਰਮਨ ਭੱਲਾ (ਆਰਐਸ ਪੁਰਾ), ਉਸਮਾਨ ਮਜੀਦ (ਬਾਂਦੀਪੋਰਾ), ਨਜ਼ੀਰ ਅਹਿਮਦ ਖ਼ਾਨ (ਗੁਰੇਜ਼), ਤਾਜ ਮੋਹੀਉਦੀਨ (ਉੜੀ), ਬਸ਼ਰਤ ਬੁਖਾਰੀ (ਵਾਗੂਰਾ-ਕਰੀਰੀ), ਇਮਰਾਨ ਅੰਸਾਰੀ (ਪਾਟਨ) , ਗੁਲਾਮ ਹਸਨ ਮੀਰ (ਗੁਲਮਰਗ), ਚੌਧਰੀ ਲਾਲ ਸਿੰਘ (ਬਸੋਹਲੀ), ਰਾਜੀਵ ਜਸਰੋਟੀਆ (ਜਸਰੋਟਾ), ਮਨੋਹਰ ਲਾਲ ਸ਼ਰਮਾ (ਬਿਲਾਵਰ), ਸ਼ਾਮ ਲਾਲ ਸ਼ਰਮਾ ਤੇ ਅਜੈ ਕੁਮਾਰ ਸਧੋਤਰਾ (ਜੰਮੂ ਉੱਤਰੀ) ਸ਼ਾਮਲ ਹਨ। ਜੰਮੂ ਡਿਵੀਜ਼ਨ ਦੇ ਊਧਮਪੁਰ ਜ਼ਿਲ੍ਹੇ ਵਿਚ 72.91 ਫੀਸਦ ਨਾਲ ਪੋਲਿੰਗ ਦਰਜ ਕੀਤੀ ਗਈ ਹੈ। ਸਾਂਬਾ ਵਿਚ 73.45 ਫੀਸਦ, ਕਠੂਆ 70.53 ਫੀਸਦ, ਜੰਮੂ 66.79 ਫੀਸਦ, ਬਾਂਦੀਪੋਰਾ 64.85 ਫੀਸਦ, ਕੁਪਵਾੜਾ 62.76 ਫੀਸਦ ਤੇ ਬਾਰਾਮੂਲਾ ਵਿਚ 55.73 ਫੀਸਦ ਪੋਲਿੰਗ ਹੋਈ। ਹਲਕਿਆਂ ਵਿਚੋਂ ਜੰਮੂ ਜ਼ਿਲ੍ਹੇ ਦਾ ਛੰਬ ਪਹਿਲੇ 10 ਘੰਟਿਆਂ ਵਿਚ 77.35 ਫੀਸਦ ਪੋਲਿੰਗ ਨਾਲ ਅੱਵਲ ਨੰਬਰ ਰਿਹਾ। ਸੋਪੋਰ, ਜੋ ਕਦੇ ਦਹਿਸ਼ਤਗਰਦਾਂ ਤੇ ਵੱਖਵਾਦੀਆਂ ਦਾ ਗੜ੍ਹ ਸੀ, ਵਿਚ ਸਭ ਤੋਂ ਘੱਟ 41.44 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ। ਜੰਮੂ ਜ਼ਿਲ੍ਹੇ ਦੇ 11 ਹਲਕਿਆਂ ਵਿਚ ਬਿਸ਼ਨਾਹ (ਐੱਸਸੀ) ਲਈ 72.75 ਫੀਸਦ, ਸੁਚੇਤਗੜ੍ਹ (ਐੱਸਸੀ) 68.02 ਫੀਸਦ, ਆਰਐੱਸ ਪੁਰਾ ਜੰਮੂ ਦੱਖਣੀ 61.65 ਫੀਸਦ, ਬਾਹੂ 57.07 ਫੀਸਦ, ਜੰਮੂ ਪੂਰਬੀ 60.21 ਫੀਸਦ, ਨਗਰੋਟਾ 72.94 ਫੀਸਦ, ਜੰਮੂ ਪੱਛਮੀ 56.31 ਫੀਸਦ, ਜੰਮੂ ਉੰਤਰੀ 60.79 ਫੀਸਦ, ਅਖਨੂਰ (ਐੱਸਸੀ) 76.28 ਫੀਸਦ, ਮੜ੍ਹ(ਐੱਸਸੀ) 76.10 ਫੀਸਦ ਤੇ ਛੰਬ 77.35 ਫੀਸਦ ਪੋਲਿੰਗ ਹੋਈ। ਕਠੂਆ ਜ਼ਿਲ੍ਹੇ ਦੀਆਂ 6 ਸੀਟਾਂ ਲਈ ਬਾਨੀ 71.24 ਫੀਸਦ, ਬਿਲਾਵਰ 69.64 ਫੀਸਦ, ਬਸੋਲੀ 67.24 ਫੀਸਦ, ਜਸਰੋਟਾ 71.79 ਫੀਸਦ, ਕਠੂਆ (ਐੱਸਸੀ) 71.49 ਫੀਸਦ ਤੇ ਹੀਰਾਨਗਰ 71.18 ਫੀਸਦ ਵੋਟਾਂ ਪਈਆਂ। ਬਾਰਾਮੂਲਾ ਜ਼ਿਲ੍ਹੇ ਦੀਆਂ ਸੱਤ ਸੀਟਾਂ ਲਈ ਸੋਪੋਰ 41.44 ਫੀਸਦ, ਰਫੀਆਬਾਦ 58.39 ਫੀਸਦ, ਉੜੀ 64.81 ਫੀਸਦ, ਬਾਰਾਮੂਲਾ 47.95 ਫੀਸਦ, ਗੁਲਮਰਗ 64.19 ਫੀਸਦ, ਵਗੂਰਾ-ਕਰੀਰੀ 56.43 ਫੀਸਦ ਤੇ ਪਾਟਨ 60.87 ਫੀਸਦ ਪੋਲਿੰਗ ਦਰਜ ਕੀਤੀ ਗਈ।