ਮਹਿਲਾ ਡਾਕਟਰ ਨਾਲ ਦਰਿੰਦਗੀ ਮਗਰੋਂ ਸੰਗਠਿਤ ਹੋ ਕੇ ਤਬਾਹ ਕੀਤੇ ਗਏ ਸਨ ਸਬੂਤ

 ਕੋਲਕਾਤਾ: ਸੀਬੀਆਈ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੀ ਟ੍ਰੇਨੀ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਹੱਤਿਆ ਦੀ ਵਾਰਦਾਤ ’ਚ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਕਰੀਬੀ ਕੁਝ ਜੂਨੀਅਰ ਤੇ ਸੀਨੀਅਰ ਡਾਕਟਰਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਜਾਂਤਕਰਤਾਵਾਂ ਦੇ ਮੁਤਾਬਕ ਨੌ ਅਗਸਤ ਨੂੰ ਹੋਈ ਵਾਰਦਾਤ ਦੇ ਬਾਅਦ ਸਬੂਤਾਂ ਨੂੰ ਖਤਮ ਕਰਨ ’ਚ ਸੰਗਠਿਤ ਅਪਰਾਧ ਦੀ ਤਸਵੀਰ ਸਪਸ਼ਟ ਹੁੰਦੀ ਜਾ ਰਹੀ ਹੈ।

ਅਧਿਕਾਰੀਆਂ ਨੇ ਅੱਠ ਅਗਸਤ ਦੀ ਰਾਤ ਨੂੰ ਡਿਊਟੀ ’ਤੇ ਤਾਇਨਾਤ ਜੂਨੀਅਰ ਤੇ ਸੀਨੀਅਰ ਡਾਕਟਰਾਂ ਦੇ ਮੋਬਾਈਲ ਕਾਲ ਡਿਟੇਲ ਤੇ ਟਾਵਰ ਲੋਕੇਸ਼ਨ ਦੀ ਜਾਂਚ ਕੀਤੀ ਹੈ। ਇਸ ਤੋਂ ਸਾਫ਼ ਹੋ ਜਾਵੇਗਾ ਕਿ ਉਹ ਕਦੋਂ, ਕਿੱਥੇ ਸਨ ਤੇ ਕਿਸ ਨਾਲ ਫੋਨ ਦੇ ਜ਼ਰੀਏ ਸੰਪਰਕ ਬਣਾਏ ਹੋਏ ਸਨ। ਪਤਾ ਲੱਗਾ ਹੈ ਕਿ ਕੁਝ ਡਾਕਟਰ ਵਾਰਦਾਤ ਦੇ ਬਾਅਦ ਸੈਮੀਨਾਰ ਹਾਲ ’ਚ ਮੌਜੂਦ ਸਨ। ਉਹ ਲਾਸ਼ਾਂ ਦੇ ਆਸਪਾਸ ਤੋਂ ਨਮੂਨੇ ਇਕੱਠੇ ਕਰਨ ਤੇ ਪੋਸਟਮਾਰਟਮ ਦੀ ਨਿਗਰਾਨੀ ’ਚ ਸ਼ਾਮਲ ਸਨ। ਇਸ ਬਾਰੇ ਕੁਝ ਸੀਨੀਅਰ ਤੇ ਜੂਨੀਅਰ ਡਾਕਟਰਾਂ ਤੋਂ ਪੁੱਛਗਿੱਛ ਕੀਤੀ ਗਈ ਹੈ।

ਸੂਤਰਾਂ ਦੇ ਮੁਤਾਬਕ, ਪਾਰਦਰਸ਼ਿਤਾ ਯਕੀਨੀ ਬਣਾਉਣ ਲਈ ਪੰਜ ਜੂਨੀਅਰ ਡਾਕਟਰ ਖੁਦ ਪੀੜਤਾ ਦੇ ਪੋਸਟਮਾਰਟਮ ਦੌਰਾਨ ਮੌਜੂਦ ਰਹਿਣਾ ਚਾਹੁੰਦੇ ਸਨ, ਜਿਸਦੀ ਹਸਪਤਾਲ ਪ੍ਰਸ਼ਾਸਨ ਨੇ ਇਜਾਜ਼ਤ ਦੇ ਦਿੱਤੀ ਸੀ। ਪੋਸਟਮਾਰਟਮ ਪੂਰਾ ਹੋਣ ਦੇਬਾਅਦ ਜੂਨੀਅਰ ਡਾਕਟਰਾਂ ਨੇ ਕੋਈ ਇਤਰਾਜ਼ ਨਹੀਂ ਕੀਤਾ ਤੇ ਆਪਣੀ ਸੰਤੁਸ਼ਟੀ ਜਾਹਿਰ ਕੀਤੀ ਸੀ। ਦਸਤਾਵੇਜ਼ ’ਤੇ ਪੰਜਾਂ ਡਾਕਟਰਾਂ ਦੇ ਦਸਤਖਤ ਸਨ।

ਸੀਬੀਆਈ ਨੇ ਸੋਮਵਾਰ ਨੂੰ ਸੰਦੀਪ ਘੋਸ਼ ਨੂੰ ਮੁੜ ਹਿਰਾਸਤ ’ਚ ਲੈਣ ਦੀ ਆਪਣੀ ਪਟੀਸ਼ਨ ਵਾਪਸ ਲੈ ਲਈ। ਸੰਦੀਪ ਘੋਸ਼ ਤੇ ਟਾਲਾ ਥਾਣੇ ਦੇ ਸਾਬਕਾ ਇੰਚਾਰਜ ਅਭਿਜੀਤ ਮੰਡਲ ਨੂੰ ਸਿਆਲਦਾਹ ਕੋਰਟ ’ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ’ਚ ਵਰਚੁਅਲ ਤਰੀਕੇ ਨਾਲ ਪੇਸ਼ ਕੀਤਾ ਗਿਆ। ਜੱਜ ਨੇ ਸੀਬੀਆਈ ਨੂੰ ਸਵਾਲ ਕੀਤਾ ਕਿ ਜੇਕਰ ਜੇਲ੍ਹ ’ਚ ਜਾ ਕੇ ਸੰਦੀਪ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਤਾਂ ਫਿਰ ਉਨ੍ਹਾਂ ਨੂੰ ਹਿਰਾਸਤ ’ਚ ਲੈਣ ਦੀ ਲੋੜ ਕਿਉਂ ਹੈ। ਇਸ ਸਵਾਲ ਦੇ ਬਾਅਦ ਸੀਬੀਆਈ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ। ਜੱਜ ਨੇ ਭਰੋਸਾ ਦਿੱਤਾ ਕਿ ਜੇਕਰ ਸੀਬੀਆਈ ਜੇਲ੍ਹ ’ਚ ਜਾਕੇ ਪੁੱਛਗਿੱਛ ਕਰਨਾਚਾਹੁੰਦੀ ਹੈ ਤਾਂ ਅਦਾਲਤ ਇਸਦੀ ਇਜਾਜ਼ਤ ਤੇ ਵਿਚਾਰ ਕਰੇਗੀ। ਸੁਣਵਾਈ ਦੌਰਾਨ ਸੀਬੀਆਈ ਨੇ ਕੋਰਟ ਨੂੰ ਦੱਸਿਆ ਕਿ ਜਾਂਚ ਦੌਰਾਨ ਕੁਝ ਅਹਿਮ ਤੱਥ ਮਿਲੇ ਹਨ।