ਆਈਓਏ ਦੇ ਕਾਰਜਕਾਰੀ ਮੈਂਬਰਾਂ ਦਾ ਧਿਆਨ ਵਿੱਤੀ ਲਾਹੇ ਵੱਲ: ਪੀਟੀ ਊਸ਼ਾ

ਨਵੀਂ ਦਿੱਲੀ-ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੂੰ ਆਪਣੇ ਢੰਗ ਨਾਲ ਚਲਾਉਣ ਦਾ ਦੋਸ਼ ਲਾਉਂਦਿਆਂ ਪ੍ਰਧਾਨ ਪੀਟੀ ਊਸ਼ਾ ਨੇ ਅੱਜ ਕਾਰਜਕਾਰੀ ਕੌਂਸਲ (ਈਸੀ) ਵਿੱਚ ਬਗਾਵਤ ਕਰਨ ਵਾਲੇ ਮੈਂਬਰਾਂ ’ਤੇ ਪਲਟਵਾਰ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦਾ ਮਕਸਦ ਦੇਸ਼ ਦਾ ਭਲਾ ਕਰਨ ਦੀ ਥਾਂ ‘ਖ਼ੁਦ ਦੇ ਫਾਇਦੇ ਅਤੇ ਵਿੱਤੀ ਲਾਭ’ ਲੈਣ ’ਤੇ ਹੈ। ਪੀਟੀ ਊਸ਼ਾ ਵੱਲੋਂ ਜਾਰੀ ਬਿਆਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਵਿੱਚੋਂ ਕੁੱਝ ਕਾਰਜਕਾਰੀ ਕੌਂਸਲ ਮੈਂਬਰਾਂ ਦਾ ਟਰੈਕ ਰਿਕਾਰਡ ਬੇਹੱਦ ਸ਼ੱਕੀ ਹੈ। ਉਨ੍ਹਾਂ ’ਤੇ ਭੇਦਭਾਵ ਦੇ ਦੋਸ਼ ਅਤੇ ਇੱਥੋਂ ਤੱਕ ਕੇ ਜਿਨਸੀ ਸ਼ੋਸ਼ਣ ਦੇ ਮਾਮਲੇ ਵੀ ਦਰਜ ਹਨ। ਉਨ੍ਹਾਂ ਕਿਹਾ, ‘‘ਭਾਰਤ ਦੀ ਅਗਵਾਈ ਕਰਨ ਵਾਲੇ ਇੱਕ ਖਿਡਾਰੀ ਵਜੋਂ ਆਪਣੇ 45 ਸਾਲ ਲੰਬੇ ਕਰੀਅਰ ਵਿੱਚ ਉਨ੍ਹਾਂ ਕਦੇ ਅਜਿਹੇ ਲੋਕਾਂ ਦਾ ਸਾਹਮਣਾ ਨਹੀਂ ਕੀਤਾ ਹੈ, ਜੋ ਖਿਡਾਰੀਆਂ ਦੀਆਂ ਇੱਛਾਵਾਂ ਅਤੇ ਦੇਸ਼ ਦੇ ਭਵਿੱਖ ਪ੍ਰਤੀ ਇੰਨੇ ਉਦਾਸੀਨ ਹਨ। ਇਨ੍ਹਾਂ ਵਿਅਕਤੀਆਂ ਦਾ ਪੂਰਾ ਧਿਆਨ ਖੇਡ ਪ੍ਰਸ਼ਾਸਨ ’ਚ ਉਨ੍ਹਾਂ ਦੀ ਲੰਬੇ ਸਮੇਂ ਤੱਕ ਮੌਜੂਦਗੀ ਅਤੇ ਕੰਟਰੋਲ ਦੇ ਮਾਧਿਅਮ ਨਾਲ ਖ਼ੁਦ ਦੇ ਫਾਇਦੇ ਅਤੇ ਮੁਦਰਾ ਲਾਹਾ ਲੈਣ ’ਤੇ ਰਹਿੰਦਾ ਹੈ।’’ ਕਾਰਜਕਾਰੀ ਕੌਂਸਲ ਦੇ 12 ਮੈਂਬਰਾਂ ਨੇ ਸ਼ਨਿੱਚਰਵਾਰ ਨੂੰ ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਦੇ ਸੀਨੀਅਰ ਅਧਿਕਾਰੀ ਜੇਰੋਮ ਪੋਈਵੇ ਨੂੰ ਪੱਤਰ ਲਿਖ ਕੇ ਇਸ ਮਹਾਨ ਅਥਲੀਟ ’ਤੇ ਤਾਨਾਸ਼ਾਹੀ ਨਾਲ ਕੰਮ ਕਰਨ ਦਾ ਦੋਸ਼ ਲਾਇਆ ਸੀ।