ਛੱਤੀਸਗੜ੍ਹ: ਬਾਰੂਦੀ ਸੁਰੰਗ ਧਮਾਕੇ ’ਚ ਸੀਆਰਪੀਐੱਫ ਦੇ ਪੰਜ ਜਵਾਨ ਜ਼ਖ਼ਮੀ

ਬੀਜਾਪੁਰ-ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਨਕਸਲੀਆਂ ਵੱਲੋਂ ਕੀਤੇ ਬਾਰੂਦੀ ਸੁਰੰਗ (ਆਈਈਡੀ) ਧਮਾਕੇ ’ਚ ਇੱਕ ਅਧਿਕਾਰੀ ਸਣੇ ਸੀਆਰਪੀਐੱਫ ਦੇ ਪੰਜ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਤਾਰੇਮ ਥਾਣਾ ਅਧੀਨ ਇਲਾਕੇ ’ਚ ਇਹ ਘਟਨਾ ਅੱਜ ਸਵੇਰੇ 7 ਵਜੇ ਵਾਪਰੀ ਜਦੋਂ ਸੀਆਰਪੀਐੱਫ ਦੀ 153ਵੀਂ ਬਟਾਲੀਅਨ ਦਾ ਇੱਕ ਦਸਤਾ ਇਲਾਕੇ ’ਚੋਂ ਬਾਰੂਦੀ ਸੁਰੰਗਾਂ ਹਟਾ ਰਿਹਾ ਸੀ। ਇਹ ਦਸਤਾ ਚਿੰਨਾਗੇਲੂਰ ਸੀਆਰਪੀਐੱਫ ਕੈਂਪ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਬਾਰੂਦੀ ਸੁਰੰਗਾਂ ਹਟਾਉਣ ਤੇ ਨਕਾਰਾ ਕਰਨ ਦੀ ਕਾਰਵਾਈ ਦੌਰਾਨ ਸੁਰੱਖਿਆ ਜਵਾਨਾਂ ਨੇ ਇੱਕ ਬਾਰੂਦੀ ਸੁਰੰਗ ਨਾਲ ਜੁੜੀ ਹੋਈ ਤਾਰ ਦੇਖੀ। ਉਨ੍ਹਾਂ ਵੱਲੋਂ ਤਾਰ ਨਾਲ ਜੁੜਿਆ ਬੰਬ ਲੱਭਣ ਦੌਰਾਨ ਹੋਏ ਧਮਾਕੇ ਕਾਰਨ ਪੰਜ ਜਵਾਨ ਜ਼ਖ਼ਮੀ ਹੋ ਗਏ। ਸੀਆਰਪੀਐੱਫ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਵਾਨਾਂ ਦੇ ਚਿਹਰਿਆਂ, ਅੱਖਾਂ ਤੇ ਪੇਟ ਦੇ ਉਪਰਲੇ ਹਿੱਸਿਆਂ ’ਤੇ ਸੱਟਾਂ ਲੱਗੀਆਂ ਹਨ। ਮੁੱਢਲੀ ਸਹਾਇਤਾ ਮੁਹੱਈਆ ਕਰਵਾਉਣ ਮਗਰੋਂ ਜ਼ਖ਼ਮੀ ਜਵਾਨਾਂ ਨੂੰ ਇੱਥੋਂ ਲਗਪਗ 430 ਕਿਲੋਮੀਟਰ ਦੂਰ ਰਾਜਧਾਨੀ ਰਾਏਪੁਰ ਭੇਜਿਆ ਗਿਆ ਹੈ। ਜ਼ਖ਼ਮੀ ਜਵਾਨਾਂ ’ਚ ਸੀਆਰਪੀਐੱਫ ਦੇ ਸਹਾਇਕ ਕਮਾਂਡੈਂਟ ਵੈਦਿਆ ਸਾਂਕੇਤ ਦੇਵੀਦਾਸ, ਇੰਸਪੈਕਟਰ ਸੰਜੈ ਕੁਮਾਰ, ਸਿਪਾਹੀ ਬੀ. ਪਵਨ ਕਲਿਆਣ, ਲੋਚਨ ਮਹਾਤੋ ਅਤੇ ਢੋਲੇ ਰਾਜੇਂਦਰ ਅਸ਼ਰੁਬਾ ਸ਼ਾਮਲ ਹਨ। ਦੱਸਣਯੋਗ ਹੈ ਕਿ ਛੱਤੀਸਗੜ੍ਹ ਵਿੱਚ ਮਾਓਵਾਦੀਆਂ ਖ਼ਿਲਾਫ਼ ਅਪਰੇਸ਼ਨਾਂ ਤਹਿਤ ਵੱਡੀ ਗਿਣਤੀ ’ਚ ਸੁਰੱਖਿਆ ਬਲ ਤਾਇਨਾਤ ਹਨ।