ਸ੍ਰੀਨਗਰ/ਜੰਮੂ-ਭਾਜਪਾ ਨੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਵੱਲੋਂ ਹਿਜ਼ਬੁੱਲ੍ਹਾ ਆਗੂ ਹਸਨ ਨਸਰੱਲ੍ਹਾ ਦੀ ਮੌਤ ਮਗਰੋਂ ਆਪਣੀ ਚੋਣ ਮੁਹਿੰਮ ਰੱਦ ਕਰਨ ਨੂੰ ਲੈ ਕੇ ਉਨ੍ਹਾਂ ’ਤੇ ਨਿਸ਼ਾਨਾ ਸੇਧਦਿਆਂ ਆਖਿਆ ਕਿ ਸਾਬਕਾ ਮੁੱਖ ਮੰਤਰੀ ‘ਮਗਰਮੱਛ ਵਾਲੇ ਹੰਝੂ ਵਹਾ ਰਹੀ’ ਹੈ ਅਤੇ ‘ਵੋਟ ਬੈਂਕ ਦੀ ਰਾਜਨੀਤੀ’ ਵਿੱਚ ਰੁੱਝੀ ਹੋਈ ਹੈ।
ਮਹਿਬੂਬਾ ਮੁਫ਼ਤੀ ਨੂੰ ‘ਅਤਿਵਾਦ-ਪੱਖੀ’ ਕਰਾਰ ਦਿੰਦਿਆਂ ਭਾਜਪਾ ਦੇ ਕੌਮੀ ਤਰਜਮਾਨ ਆਰ ਪੀ ਸਿੰਘ ਨੇ ਕਿਹਾ, ‘‘ਆਪਣੀ ਚੋਣ ਮੁਹਿੰਮ ਰੱਦ ਕਰਕੇ ਉਨ੍ਹਾਂ (ਮਹਿਬੂਬਾ) ਨੇ ਦਿਖਾ ਦਿੱਤਾ ਹੈ ਕਿ ਉਹ ਦਹਿਸ਼ਤਗਰਦਾਂ ਦੀ ਮੌਤ ’ਤੇ ਹੰਝੂ ਵਹਾ ਰਹੀ ਹੈ। ਦਹਿਸ਼ਤਗਰਦਾਂ ਨੂੰ ਸ਼ਹੀਦ ਕਹਿਣਾ ਉਨ੍ਹਾਂ ਦੀ ਆਦਤ ਹੈ। ਉਹ ਪਹਿਲਾਂ ਬੁਰਹਾਨ ਵਾਨੀ ਲਈ ਵੀ ਇਸ ਤਰ੍ਹਾਂ ਰੋਈ ਸੀ।’’ ਹਾਲਾਂਕਿ ਸਿੰਘ ਨੇ ਇਹ ਵੀ ਆਖਿਆ ਕਿ ਉਹ ਇਕੱਲੀ ਨਹੀਂ ਜਿਹੜੀ ਦਹਿਸ਼ਤਗਰਦਾਂ ਨਾਲ ਇਕਜੁੱਟਤਾ ਦਿਖਾ ਰਹੀ ਹੈ। ਭਾਜਪਾ ਤਰਜਮਾਨ ਨੇ ਦੋਸ਼ ਲਾਇਆ, ‘‘ਸੋਨੀਆ ਗਾਂਧੀ ਨੇ ਵੀ ਬਾਟਲਾ ਹਾਊਸ ’ਚ ਮਾਰੇ ਗਏ ਦਹਿਸ਼ਤਗਰਦਾਂ ਲਈ ਹੰਝੂ ਵਹਾਏ ਸਨ। ਇੰਡੀਆ ਗੱਠਜੋੜ ਦੇ ਸਾਰੇ ਆਗੂੁ ਵੋਟ ਬੈਂਕ ਦੀ ਰਾਜਨੀਤੀ ਲਈ ਅਜਿਹਾ ਕਰਦੇ ਹਨ। ਉਨ੍ਹਾਂ ਲਈ ਦੇਸ਼ ਪਹਿਲਾਂ ਨਹੀਂ ਹੈ। ਉਹ ਵੋਟ ਬੈਂਕ ਲਈ ਅਜਿਹਾ ਕਰ ਰਹੀ ਹੈ।
ਸ੍ਰੀਨਗਰ: ਕਸ਼ਮੀਰ ਦੀ ਸਾਈਬਰ ਪੁਲੀਸ ਨੇ ਲਿਬਨਾਨ ਵਿੱਚ ਇਜ਼ਰਾਇਲੀ ਹਮਲੇ ’ਚ ਹਿਜ਼ਬੁੱਲ੍ਹਾ ਮੁਖੀ ਹਸਨ ਨਸਰੱਲ੍ਹਾ ਦੇ ਮਾਰੇ ਜਾਣ ਦੇ ਮੱਦੇਨਜ਼ਰ ਸੋਸ਼ਲ ਮੀਡੀਆ ਯੂਜ਼ਰਸ ਨੂੰ ਘਾਟੀ ’ਚ ਫਿਰਕੂ ਜਾਂ ਗੁਟਾਂ ਵਿਚਾਲੇ ਤਣਾਅ ਭੜਕਾਉਣ ਖਿਲਾਫ਼ ਸ਼ਨਿਚਰਵਾਰ ਨੂੰ ਚਿਤਾਵਨੀ ਜਾਰੀ ਕੀਤੀ। ਪੁਲੀਸ ਨੇ ਐਡਵਾਇਜ਼ਰੀ ’ਚ ਕਿਹਾ, ‘‘ਸਾਡੇ ਧਿਆਨ ’ਚ ਆਇਆ ਹੈ ਕਿ ਸੋਸ਼ਲ ਮੀਡੀਆ ’ਤੇ ਕੁਝ ਭੜਕਾਊ ਤੇ ਫਿਰਕੂ ਸੁਨੇਹੇ ਪੋਸਟ ਕੀਤੇ ਜਾ ਰਹੇ ਹਨ, ਜੋ ਫਿਰਕੂ ਏਕਤਾ ਨੂੰ ਖ਼ਤਰੇ ’ਚ ਪਾ ਰਹੇ ਹਨ। ਸਾਰਿਆਂ ਨੂੰ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ।’’ ਪੁਲੀਸ ਨੇ ਚਿਤਾਵਨੀ ਦਿੱਤੀ ਕਿ ਜਿਹੜਾ ਵਿਅਕਤੀ ਭੜਕਾਊ ਪੋਸਟ ਸਾਂਝੀ ਕਰੇਗਾ, ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਸ੍ਰੀਨਗਰ: ਲਿਬਨਾਨ ਵਿੱਚ ਹਿਜ਼ਬੁੱਲਾ ਆਗੂ ਹਸਨ ਨਸਰੱਲ੍ਹਾ ਦੇ ਮਾਰੇ ਜਾਣ ਦੇ ਰੋਸ ਵਜੋਂ ਕਸ਼ਮੀਰ ਵਿੱਚ ਇਜ਼ਰਾਈਲ ਵਿਰੋਧੀ ਮੁਜ਼ਾਹਰੇ ਅੱਜ ਦੂਜੇ ਦਿਨ ਵੀ ਜਾਰੀ ਰਹੇ। ਅਧਿਕਾਰੀਆਂ ਨੇ ਦੱਸਿਆ ਕਿ ਨਸਰੱਲ੍ਹਾ ਦੀ ਮੌਤ ਖ਼ਿਲਾਫ਼ ਬਡਗਾਮ ਅਤੇ ਜ਼ੈਦੀਬੱਲ ਸ਼ਹਿਰਾਂ ਵਿੱਚ ਮੁਜ਼ਾਹਰਿਆਂ ’ਚ ਵੱਡੀ ਗਿਣਤੀ ’ਚ ਪੁਰਸ਼, ਔਰਤਾਂ ਤੇ ਬੱਚੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਮੁਜ਼ਾਹਰਾਕਾਰੀਆਂ ਨੇ ਇਜ਼ਰਾਇਲੀ ਹਵਾਈ ਹਮਲੇ ’ਚ ਨਸਰੱਲ੍ਹਾ ਦੇ ਮਾਰੇ ਜਾਣ ਦੀ ਨਿਖੇਧੀ ਕਰਦਿਆਂ ਇਜ਼ਰਾਈਲ ਅਤੇ ਅਮਰੀਕਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਸ੍ਰੀਨਗਰ ਤੋਂ ਲੋਕ ਸਭਾ ਮੈਂਬਰ ਆਗਾ ਰੂਹੁੱਲ੍ਹਾ ਤੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਤੇ ‘ਆਪਨੀ ਪਾਰਟੀ’ ਦੇ ਮੁਖੀ ਅਲਤਾਫ ਬੁਖਾਰੀ ਨੇ ਵੀ ਲਿਬਨਾਨ’ਚ ਨਸਰੱਲ੍ਹਾ ਦੇ ਮਾਰੇ ਜਾਣ ਦੀ ਨਿਖੇਧੀ ਕੀਤੀ ਹੈ।