ਚੰਡੀਗੜ੍ਹ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਹਰਿਆਣਾ ’ਚ ਕਾਂਗਰਸ ’ਤੇ ਹਮਲਾ ਜਾਰੀ ਰੱਖਦਿਆਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ਦੀਆਂ ਚੋਣ ਗਾਰੰਟੀਆਂ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਵਰਗੇ ਸੂਬਿਆਂ ’ਚ ਫੇਲ੍ਹ ਹੋ ਗਈਆਂ ਹਨ, ਜਿੱਥੇ ਕਾਂਗਰਸ ਸੱਤਾ ਵਿੱਚ ਹੈ।
ਸ਼ਾਹ ਨੇ ਗੁਰੂਗ੍ਰਾਮ ਦੇ ਬਾਦਸ਼ਾਹਪੁਰ ’ਚ ਇੱਕ ਚੋਣ ਰੈਲੀ ਦੌਰਾਨ ਆਖਿਆ ਕਿ ਚੋਣਾਂ ਸਮੇਂ ਕਾਂਗਰਸ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਉਹ ਹਿਮਾਚਲ ਪ੍ਰਦੇਸ਼, ਕਰਨਾਟਕ ਅਤੇ ਤਿਲੰਗਾਨ ਵਰਗੇ ਸੂਬਿਆਂ ’ਚ ਆਪਣੇ ਚੋਣ ਵਾਅਦੇ ਪੂਰੇ ਨਹੀਂ ਸਕੀ। ਉਨ੍ਹਾਂ ਆਖਿਆ, ‘‘ਰਾਹੁਲ ਗਾਂਧੀ ਦੀਆਂ ਚੋਣ ਗਾਰੰਟੀਆਂ ਫੇਲ੍ਹ ਹੋ ਗਈਆਂ ਹਨ।’’
ਕੇਂਦਰੀ ਗ੍ਰਹਿ ਮੰਤਰੀ ਨੇ ਆਖਿਆ ਕਿ ਭਾਜਪਾ ਅਜਿਹਾ ਕੋਈ ਵਾਅਦਾ ਨਹੀਂ ਕਰਦੀ ਜਿਸ ਨੂੰ ਉਹ ਪੂਰਾ ਨਾ ਕਰ ਸਕੇ। ਉਨ੍ਹਾਂ ਕਿਹਾ, ‘‘ਰਾਹੁਲ ਬਾਬਾ ਐਂਡ ਕੰਪਨੀ ਵਿਕਾਸ ਨਹੀ ਕਰ ਸਕਦੀ’’ ਅਤੇ ‘‘ਡਬਲ ਇੰਜਣ’’ ਵਾਲੀ ਸਰਕਾਰ ਹੀ ਹਰਿਆਣਾ ਦਾ ਵਿਕਾਸ ਯਕੀਨੀ ਬਣਾਏਗੀ। ਸ਼ਾਹ ਮੁਤਾਬਕ, ‘‘ਅਸੀਂ ਦੇਸ਼ ਦੀ ਸਰਹੱਦ ਨੂੰ ਸੁਰੱਖਿਅਤ ਰੱਖਾਂਗੇ ਅਤੇ ਧਾਰਾ 370 ਨੂੰ ਕਦੇ ਵੀ ਵਾਪਸ ਨਹੀਂ ਆਉਣ ਦੇਵਾਂਗੇ।’’
ਵਕਫ ਬਿੱਲ ਦਾ ਜ਼ਿਕਰ ਕਰਦਿਆਂ ਗ੍ਰਹਿ ਮੰਤਰੀ ਨੇ ਰੈਲੀ ਦੌਰਾਨ ਕਿਹਾ, ‘‘ਤੁਹਾਨੂੰ ਵਕਫ ਬੋਰਡ ਬਾਰੇੇ ਮੌਜੂਦਾ ਕਾਨੂੰਨ ਤੋਂ ਸਮੱਸਿਆ ਹੈ। ਅਸੀਂ ਸੰਸਦ ਦੇ ਸਰਦ ਰੁੱਤ ਸੈਸ਼ਨ ’ਚ ਇਸ ਵਿੱਚ ਸੋਧ ਕਰਾਂਗੇ।’’ ਦੱਸਣਯੋਗ ਹੈ ਕਿ ਪਿਛਲੇ ਮਹੀਨੇ ਕਈ ਵਿਰੋਧੀ ਆਗੂਆਂ ਨੇ ਦੋਸ਼ ਲਾਇਆ ਸੀ ਕਿ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਦੇ ਵਕਫ ਸੋਧ ਬਿੱਲ ਦਾ ਮਨੋਰਥ ਸਮਾਜ ’ਚ ਫੁੱਟ ਪਾਉਣਾ ਹੈ। ਉਨ੍ਹਾਂ ਨੇ ਇਸ ਬਿੱਲ ਦੇ ਵਿਰੋਧ ਦਾ ਐਲਾਨ ਕੀਤਾ ਸੀ।
ਹਰਿਆਣਾ ਦੇ ਬਾਦਸ਼ਾਹਪੁਰ ਵਿਧਾਨ ਸਭਾ ਹਲਕੇ ਤੋਂ ਰਾਓ ਨਰਬੀਰ ਸਿੰਘ ਸਣੇ ਗੁਰੂਗ੍ਰਾਮ ਇਲਾਕੇ ਤੋਂ ਪਾਰਟੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਦਿਆਂ ਸ਼ਾਹ ਨੇ ਆਖਿਆ ਕਿ ਫੌਜ ਵਿੱਚ ਹਰ 10ਵਾਂ ਜਵਾਨ ਹਰਿਆਣਾ ਨਾਲ ਸਬੰਧਤ ਹੈ। ਉਨ੍ਹਾਂ ਮੁਤਾਬਕ ਇੰਦਰਾ ਗਾਂਧੀ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਕਾਂਗਰਸ ‘ਇਕ ਰੈਂਕ ਇੱਕ ਪੈਨਸ਼ਨ’ ਦੀ ਮੰਗ ਪੂੁਰੀ ਨਹੀਂ ਕਰ ਸਕੀ ਪਰ ਮੋਦੀ ਸਰਕਾਰ ਨੇ 2015 ’ਚ ਇਹ ਮੰਗ ਪੂਰੀ ਕੀਤੀ। ਇਸ ਦੌਰਾਨ ਸ਼ਾਹ ਨੇ ਅਗਨੀਵੀਰ ਸਕੀਮ ਨੂੰ ਲੈ ਕੇ ਵੀ ਰਾਹੁਲ ਗਾਂਧੀ ’ਤੇ ਨਿਸ਼ਾਨਾ ਸੇਧਦਿਆਂ ਰਾਹੁਲ ਨੂੰ ‘‘ਝੂਠ ਬੋਲਣ ਵਾਲੀ ਮਸ਼ੀਨ’’ ਕਰਾਰ ਦਿੱਤਾ ਅਤੇ ਦੱਸਿਆ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਦਾਅਵਾ ਕੀਤਾ ਹੈ ਕਿ ਅਗਨੀਵੀਰਾਂ ਨੂੰ ਨੌਕਰੀ ਨਹੀਂ ਮਿਲੇਗੀ। ਉਨ੍ਹਾਂ ਦੋਸ਼ ਲਾਇਆ, ‘‘ਕਾਂਗਰਸ ਤੁਸ਼ਟੀਕਰਨ ਦੀ ਰਾਜਨੀਤੀ ’ਚ ਡੁੱਬੀ ਹੈ।