ਕੋਲਕਾਤਾ-ਕਾਂਗਰਸ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਸ਼ੁਭੰਕਰ ਸਰਕਾਰ ਅਤੇ ਪਾਰਟੀ ਦੇ ਕਈ ਹੋਰ ਆਗੂਆਂ ਦੇ ਅੱਜ ਇੱਕ ਸਰਕਾਰੀ ਹਸਪਤਾਲ ਪਹੁੰਚਣ ’ਤੇ ਵਿਰੋਧ ਕੀਤਾ ਗਿਆ ਅਤੇ ਪ੍ਰਦਰਸ਼ਨਕਰੀ ਜੂਨੀਅਰ ਡਾਕਟਰਾਂ ਨੇ ‘ਵਾਪਸ ਜਾਓ’ ਦੇ ਨਾਅਰੇ ਲਾਏ। ਹਾਲਾਂਕਿ, ਸ਼ੁਭੰਕਰ ਸਰਕਾਰ ਨੇ ਦਾਅਵਾ ਕੀਤਾ ਕਿ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਵਾਪਸ ਜਾਣ ਲਈ ਨਹੀਂ ਕਿਹਾ ਗਿਆ।
ਕੋਲਕਾਤਾ ਦੇ ਉੱਤਰੀ ਬਾਹਰੀ ਇਲਾਕੇ ਵਿੱਚ ਸਥਿਤ ਕਾਲਜ ਆਫ ਮੈਡੀਸਿਨ ਅਤੇ ਸਾਗਰ ਦੱਤਾ ਹਸਪਤਾਲ ਦੇ ਪ੍ਰਦਰਸ਼ਨਕਾਰੀ ਡਾਕਟਰਾਂ ਨੇ ਇਲਾਜ ਦੌਰਾਨ ਇੱਕ ਮਰੀਜ਼ ਦੀ ਮੌਤ ਮਗਰੋਂ ਸਿਹਤ ਸੰਸਥਾ ਵਿੱਚ ਡਾਕਟਰਾਂ ਅਤੇ ਨਰਸਾਂ ’ਤੇ ਕਥਿਤ ਹਮਲੇ ਦੇ ਵਿਰੋਧ ਵਿੱਚ ਕੰਮ ਬੰਦ ਰੱਖਿਆ ਹੋਇਆ ਹੈ। ਡਾਕਟਰਾਂ ਨੇ ਕਿਹਾ ਕਿ ਕੰਮ ਵਾਲੀ ਥਾਂ ’ਤੇ ਸੁਰੱਖਿਆ ਯਕੀਨੀ ਬਣਾਉਣ ਲਈ ਚੱਲ ਰਿਹਾ ਉਨ੍ਹਾਂ ਦਾ ਪ੍ਰਦਰਸ਼ਨ ਗ਼ੈਰ-ਸਿਆਸੀ ਹੈ ਅਤੇ ਕਿਸੇ ਵੀ ਸਿਆਸੀ ਆਗੂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਨੇ ਪੱਛਮੀ ਬੰਗਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ੁਭੰਕਰ ਨੂੰ ਕਿਹਾ, ‘‘ਇਹ ਬਿਹਤਰ ਸਿਹਤ ਸੇਵਾ, ਬੁਨਿਆਦੀ ਢਾਂਚੇ ਅਤੇ ਕੰਮ ਵਾਲੀਆਂ ਥਾਵਾਂ ’ਤੇ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਰਮੀਆਂ ਦੀ ਪੁਖ਼ਤਾ ਸੁਰੱਖਿਆ ਲਈ ਨਾਗਰਿਕਾਂ ਦਾ ਸਾਂਝਾ ਅੰਦੋਲਨ ਹੈ। ਇਹ ਜੂਨੀਅਰ ਡਾਕਟਰਾਂ ਦਾ ਮੰਚ ਹੈ। ਕਿਰਪਾ ਕਰ ਕੇ ਤੁਸੀਂ ਇਹ ਥਾਂ ਛੱਡ ਦਿਓ ਅਤੇ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ।’’