ਕੇਂਦਰ ਹੜ੍ਹਾਂ ਨਾਲ ਨਜਿੱਠਣ ਲਈ ਮਦਦ ਨਹੀਂ ਕਰ ਰਿਹਾ: ਮਮਤਾ

ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਉੱਤਰੀ ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਨੂੰ ‘ਖਤਰਨਾਕ’ ਦੱਸਿਆ ਅਤੇ ਦਾਅਵਾ ਕੀਤਾ ਕਿ ਸੂਬੇ ਨੂੰ ਇਸ ਕੁਦਰਤੀ ਆਫਤ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਤੋਂ ਮਦਦ ਨਹੀਂ ਮਿਲ ਰਹੀ ਹੈ। ਬੰਗਾਲ ਦੇ ਉੱਤਰੀ ਹਿੱਸੇ ਵਿੱਚ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਜਾ ਰਹੀ ਬੈਨਰਜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਜੰਗੀ ਪੱਧਰ ’ਤੇ ਹੜ੍ਹਾਂ ਨਾਲ ਨਜਿੱਠ ਰਹੀ ਹੈ।

ਮੁੱਖ ਮੰਤਰੀ ਨੇ ਸਿੱਲੀਗੁੜੀ ਜਾਂਦੇ ਸਮੇਂ ਕਿਹਾ, ‘‘ਉੱਤਰ ਬੰਗਾਲ ਹੜ੍ਹ ਦੀ ਲਪੇਟ ਵਿੱਚ ਹੈ। ਕੂੁਚਬਿਹਾਰ, ਜਲਪਾਈਗੁੜੀ ਅਤੇ ਅਲੀਪੁਰਦੁਆਰ ਵਰਗੇ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਕੋਸੀ ਨਦੀ ਦੇ ਵਹਾਅ ਵਾਲੇ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਬਿਹਾਰ ਦੇ ਕਈ ਸਥਾਨ ਅਤੇ ਬੰਗਾਲ ਦੇ ਮਾਲਦਾ ਅਤੇ ਦੱਖਣੀ ਦਿਨਾਜਪੁਰ ਜ਼ਿਲ੍ਹੇ ਨੇੜਲੇ ਭਵਿੱਖ ’ਚ ਪ੍ਰਭਾਵਿਤ ਹੋਣਗੇ।’’ ਕੇਂਦਰ ਸਰਕਾਰ ’ਤੇ ਆਫ਼ਤ ਨਾਲ ਲੜਨ ਲਈ ਸੂਬੇ ਦੀ ਮਦਦ ਨਾ ਕਰਨ ਦਾ ਦੋਸ਼ ਲਗਾਉਂਦਿਆਂ ਮਮਤਾ ਨੇ ਕਿਹਾ, ‘‘ਸਾਡੇ ਵਾਰ-ਵਾਰ ਯਾਦ ਦਿਵਾਉਣ ਦੇ ਬਾਵਜੂਦ ਕੇਂਦਰ ਨੇ ਫਰੱਕਾ ਬੈਰਾਜ ਦੇ ਰੱਖ-ਰਖਾਅ ਦਾ ਕੰਮ ਨਹੀਂ ਕੀਤਾ ਅਤੇ ਇਸ ਦੀ ਪਾਣੀ ਰੱਖਣ ਦੀ ਸਮਰੱਥਾ ਕਾਫੀ ਹੱਦ ਤੱਕ ਘਟ ਗਈ ਹੈ।’’ ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਜਪਾ ਦੇ ਨੇਤਾ ਸਿਰਫ਼ ਚੋਣਾਂ ਦੌਰਾਨ ਪੱਛਮੀ ਬੰਗਾਲ ਦਾ ਦੌਰਾ ਕਰਦੇ ਸਨ ਪਰ ਜਦੋਂ ਲੋੜ ਹੁੰਦੀ ਹੈ ਉਦੋਂ ਸੂਬੇ ਨੂੰ ਭੁੱਲ ਜਾਂਦੇ ਹਨ। -ਪੀਟੀਆਈ