ਮਤਰੇਏ ਪਿਤਾ ਵੱਲੋਂ 9 ਸਾਲਾ ਧੀ ਦੀ ਹੱਤਿਆ

ਸੰਗਰੂਰ-ਸਥਾਨਕ ਸ਼ਹਿਰ ਵਿੱਚ ਮਤਰੇਏ ਪਿਤਾ ਵੱਲੋਂ ਆਪਣੀ ਨਾਬਾਲਗ ਧੀ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾ ਦੀ ਮਾਤਾ ਨੇਹਾ ਗਰਗ ਵਾਸੀ ਸ਼ਿਵਮ ਕਲੋਨੀ ਸੰਗਰੂਰ ਨੇ ਦੱਸਿਆ ਕਿ ਉਸ ਦੀ ਧੀ ਮਾਨਵੀ (9) ਹੋਲੀ ਹਾਰਟ ਸਕੂਲ ਵਿਚ ਪੜ੍ਹਦੀ ਸੀ ਜੋ ਰੋਜ਼ਾਨਾ ਸ਼ਾਮ 6 ਤੋਂ 7 ਵਜੇ ਤੱਕ ਅਕਾਲ ਡਿਗਰੀ ਕਾਲਜ ਫਾਰ ਵਿਮੈਨ ਵਿਖੇ ਸਕੇਟਿੰਗ ਦੀ ਜਮਾਤ ਲਗਾਉਂਦੀ ਸੀ। ਪਹਿਲਾਂ ਉਹ ਧੀ ਨੂੰ ਲੈ ਕੇ ਜਾਂਦੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਸ ਦਾ ਪਤੀ ਲੈ ਕੇ ਜਾਂਦਾ ਸੀ। ਬੀਤੀ ਸ਼ਾਮ ਉਸ ਦਾ ਪਤੀ ਬੱਚੀ ਨੂੰ ਸਕੇਟਿੰਗ ਦੀ ਜਮਾਤ ਲਗਾਉਣ ਲਈ ਲੈ ਗਿਆ। ਜਦੋਂ 7 ਵਜੇ ਤੋਂ ਬਾਅਦ ਉਹ ਘਰ ਨਾ ਪਰਤੇ ਤਾਂ ਉਸ ਨੇ ਫੋਨ ਕੀਤਾ ਤਾਂ ਪਤੀ ਨੇ ਦੱਸਿਆ ਕਿ ਉਹ ਬਾਜ਼ਾਰ ਵਿੱਚ ਬੱਚੀ ਨੂੰ ਘੁਮਾ ਰਿਹਾ ਹੈ। ਕਰੀਬ ਸਵਾ ਨੌਂ ਵਜੇ ਉਸ ਦਾ ਪਤੀ ਘਰ ਪਰਤਿਆ ਜਿਸ ਨੇ ਕਿਹਾ ਕਿ ਮਾਨਵੀ ਨੂੰ ਪਤਾ ਨਹੀਂ ਕੀ ਹੋ ਗਿਆ। ਮਾਨਵੀ ਕਾਰ ਵਿੱਚ ਪਈ ਸੀ। ਉਹ ਤੁਰੰਤ ਨਿੱਜੀ ਹਸਪਤਾਲ ਲੈ ਗਏ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦਾ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਬੱਚੀ ਦੀ ਨਾਨੀ ਸੁਨੀਤਾ ਰਾਣੀ, ਮਾਤਾ ਜੁਗਨੂੰ, ਰਵੀ ਗਰਗ ਅਤੇ ਨਾਨਾ ਸ਼ੀਸ਼ ਪਾਲ ਵਾਸੀ ਪਾਤੜਾਂ ਨੇ ਦੱਸਿਆ ਕਿ ਕਰੀਬ ਸਾਲ ਪਹਿਲਾਂ ਹੀ ਉਨ੍ਹਾਂ ਨੇਹਾ ਗਰਗ ਦਾ ਵਿਆਹ ਸੰਦੀਪ ਗੋਇਲ ਵਾਸੀ ਸ਼ਿਵਮ ਕਲੋਨੀ ਸੰਗਰੂਰ ਨਾਲ ਕੀਤਾ ਸੀ। ਨੇਹਾ ਕੋਲ ਮਾਨਵੀ ਪਹਿਲੇ ਵਿਆਹ ਦੀ ਲੜਕੀ ਸੀ। ਉਨ੍ਹਾਂ ਦੱਸਿਆ ਕਿ ਸੰਦੀਪ ਮਾਨਵੀ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਬੱਚੀ ਦੀ ਕੁੱਟਮਾਰ ਕਰਦਾ ਸੀ। ਪਹਿਲਾਂ ਵੀ ਇੱਕ ਵਾਰ ਉਸ ਨੇ ਬੱਚੀ ਦੀ ਪਾਣੀ ਵਾਲੀ ਬੋਤਲ ’ਚ ਕੈਮੀਕਲ ਮਿਲਾ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਸੰਦੀਪ ਨੇ ਬੱਚੀ ਮਾਨਵੀ ਨੂੰ ਕੋਈ ਜ਼ਹਿਰੀਲੀ ਵਸੂਤ ਨਾਲ ਜਾਂ ਸਾਹ ਘੁੱਟ ਕੇ ਮਾਰ ਦਿੱਤਾ ਹੈ।

ਥਾਣਾ ਸਿਟੀ ਇੰਚਾਰਜ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੀ ਦੀ ਮਾਤਾ ਨੇਹਾ ਗਰਗ ਦੇ ਬਿਆਨਾਂ ’ਤੇ ਪਿਤਾ ਸੰਦੀਪ ਗੋਇਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਤਿੰਨ ਡਾਕਟਰਾਂ ਦੇ ਬੋਰਡ ਵਲੋਂ ਬੱਚੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।